ਪੱਤਰ ਪ੍ਰੇਰਕ
ਖਰੜ, 8 ਜੁਲਾਈ
ਹਲਕਾ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪੰਜਾਬ ਸਰਕਾਰ ਦਾ ਧਿਆਨ ਖਰੜ ਨੇੜਲੇ ਪਿੰਡ ਰਡਿਆਲਾ ’ਚ ਕੁੱਝ ਅਧੂਰੇ ਪਏ ਪ੍ਰਾਜੈਕਟਾਂ ਵੱਲ ਦਿਵਾਉਂਦੇ ਹੋਏ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਚਿੱਠੀ ਲਿਖ ਕੇ ਗੁਜ਼ਾਰਿਸ਼ ਕੀਤੀ ਹੈ ਕਿ ਉਹ ਇਨ੍ਹਾਂ ਅਧੂਰੇ ਪਏ ਪ੍ਰਾਜੈਕਟਾਂ ਨੂੰ ਜਲਦ ਪੂਰਾ ਕਰਵਾਉਣ।
ਸ੍ਰੀ ਸੰਧੂ ਨੇ ਜਿਹੜੇ ਪ੍ਰਾਜੈਕਟਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਵਿਚ ਨਵੀਂ ਆਈਟੀਆਈ ਦੀ ਇਮਾਰਤ, ਬੰਦ ਹੋਇਆ ਸੇਵਾ ਕੇਂਦਰ ਅਤੇ ਸਮਾਜਿਕ ਸੈਂਟਰ ਸ਼ਾਮਿਲ ਹਨ। ਇਸ ਸਬੰਧੀ ਉਨ੍ਹਾਂ ਕਿਹਾ ਕਿ ਆਈਟੀਆਈ ਇਮਾਰਤ ਦੇ ਨਿਰਮਾਣ ਦਾ ਕੰਮ ਕਰੀਬ ਤਿੰਨ ਏਕੜ ਦੀ ਜ਼ਮੀਨ ’ਤੇ 10 ਸਾਲ ਪਹਿਲਾ ਸ਼ੁਰੂ ਕੀਤਾ ਗਿਆ ਸੀ, ਜੋ ਕਿ ਅੱਜ ਵੀ ਅਧੂਰਾ ਹੈ। ਉਨ੍ਹਾਂ ਇਹ ਵੀ ਸ਼ੰਕਾ ਜਤਾਈ ਕਿ ਇਸ 15-16 ਕਮਰਿਆਂ ਦੀ ਇਮਾਰਤ ਦੀ ਨਸ਼ੇੜੀਆਂ ਅਤੇ ਹੋਰ ਗੈਰ-ਸਮਾਜਿਕ ਅਨਸਰਾਂ ਵੱਲੋਂ ਰਾਤ ਦੇ ਸਮੇਂ ਦੁਰਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਵਿਧਾਇਕ ਸੰਧੂ ਨੇ ਕਿਹਾ ਕਿ ਜਿਹੜੀ ਇਸ ਇਮਾਰਤ ਬਾਬਤ ਵਿਜੀਲੈਂਸ ਜਾਂਚ ਚੱਲ ਰਹੀ ਹੈ। ਉਸ ਨੂੰ 30 ਦਿਨਾਂ ’ਚ ਪੂਰੀ ਕਰਕੇ ਇਸ ਨੂੰ ਵਰਤੋਂ ਵਿਚ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ। ਇਸ ਸਬੰਧੀ ਕੰਵਰ ਸੰਧੂ ਨੇ ਕਿਹਾ ਕਿ ਪਿੰਡ ਰਡਿਆਲਾ ਵਿਚ ਹੀ ਇੱਕ ਸਮਾਜਿਕ ਕੇਂਦਰ ਦਾ ਨਿਰਮਾਣ ਵੀ ਅਧੂਰਾ ਪਿਆ ਹੈ, ਜਿਸ ਦੀ ਉਸਾਰੀ ਦਾ ਨੀਂਹ ਪੱਥਰ 2015 ’ਚ ਸਰਦਾਰ ਉਜਾਗਰ ਸਿੰਘ ਬਡਾਲੀ ਨੇ ਰੱਖਿਆ ਸੀ। ਸੰਧੂ ਨੇ ਮੰਗ ਕੀਤੀ ਕੀ ਇਸ ਸੈਂਟਰ ਦੀ ਉਸਾਰੀ ਨੂੰ ਪੂਰਾ ਕਰਨ ਲਈ ਲੋੜੀਂਦਾ ਫ਼ੰਡ ਮੁਹੱਈਆ ਕਰਵਾਏ ਜਾਣ।