ਸਰਬਜੀਤ ਸਿੰਘ ਭੱਟੀ
ਲਾਲੜੂ, 11 ਅਪਰੈਲ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਮਿਊਨਟੀ ਹੈਲਥ ਸੈਂਟਰ ਲਾਲੜੂ ਵਿੱਚ ਬੀਤੇ ਦਿਨ ਅਚਨਚੇਤ ਛਾਪਾ ਮਾਰਿਆ ਜਿਸ ਦੌਰਾਨ ਹਸਪਤਾਲ ਵਿੱਚ ਕੋਈ ਵੀ ਡਾਕਟਰ ਤੇ ਸਟਾਫ਼ ਮੈਂਬਰ ਨਾ ਮਿਲਿਆ। ਸ੍ਰੀ ਰੰਧਾਵਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦਾ ਏਨਾ ਮਾੜਾ ਹਾਲ ਹੈ ਕਿ ਐਤਵਾਰ ਵਾਲੇ ਦਿਨ ਮਰੀਜ਼ਾਂ ਨੂੰ ਵੇਖਣ ਵਾਲਾ ਇੱਕ ਵੀ ਡਾਕਟਰ, ਨਰਸ ਜਾਂ ਸਟਾਫ਼ ਮੌਜੂਦ ਨਹੀਂ ਸੀ ਤੇ ਹਸਪਤਾਲ ਖਾਲੀ ਪਿਆ ਸੀ। ਉਹ ਬਹੁਤ ਦੇਰ ਹਸਪਤਾਲ ਵਿੱਚ ਕੁਰਸੀ ’ਤੇ ਬੈਠ ਕੇ ਡਾਕਟਰਾਂ ਤੇ ਸਟਾਫ਼ ਦਾ ਇੰਤਜ਼ਾਰ ਕਰਦੇ ਰਹੇ ਪਰ ਕਾਫ਼ੀ ਦੇਰ ਤੱਕ ਕੋਈ ਵੀ ਡਾਕਟਰ ਜਾਂ ਸਟਾਫ਼ ਮੈਂਬਰ ਹਸਪਤਾਲ ਨਾ ਪੁੱਜਾ। ਸ੍ਰੀ ਰੰਧਾਵਾ ਨੇ ਕਿਹਾ ਕਿ ਜੇਕਰ ਕਮਿਊਨਿਟੀ ਹੈਲਥ ਸੈਂਟਰ ਲਾਲੜੂ ਵਿੱਚ ਡਾਕਟਰ ਮੌਜੂਦ ਹੀ ਨਹੀਂ ਹੁੰਦੇ ਤਾਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਡੇਰਾਬੱਸੀ ਜਾਂ ਚੰਡੀਗੜ੍ਹ ਭੇਜ ਦਿੱਤਾ ਜਾਂਦਾ ਹੈ, ਫਿਰ ਇੰਨੇੇ ਵੱਡੇ ਹਸਪਤਾਲ ਖੋਲ੍ਹਣ ਦਾ ਕੀ ਲਾਭ? ਉਨ੍ਹਾਂ ਇਸ ਸਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਤਵਾਰ ਹੋਣ ਕਾਰਨ ਡਾਕਟਰ ਤੇ ਸਟਾਫ਼ ਮੈਂਬਰ ਨਹੀਂ ਆਏ। ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਮਾਮਲਾ ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਲਾਲੜੂ, ਡੇਰਾਬੱਸੀ ਤੇ ਜ਼ੀਰਕਪੁਰ ਦੇ ਹਸਪਤਾਲਾਂ ਵਿੱਚ 24 ਘੰਟੇ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ।
ਡੀਸੀ ਤਲਵਾੜ ਵੱਲੋਂ ਦਫ਼ਤਰਾਂ ਦੀ ਚੈਕਿੰਗ
ਐਸ.ਏ.ਐਸ. ਨਗਰ (ਮੁਹਾਲੀ): ਡੀਸੀ ਅਮਿਤ ਤਲਵਾੜ ਨੇ ਇਲਾਕੇ ਦੇ ਲੋਕਾਂ ਨੂੰ ਸਮਾਂਬੱਧ ਅਤੇ ਬਿਨਾਂ ਕਿਸੇ ਦਿੱਕਤ ਤੋਂ ਸਾਰੀਆਂ ਸਰਕਾਰੀ ਸੇਵਾਵਾਂ ਮਿਲਣੀਆਂ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਵੱਖ-ਵੱਖ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਫਰਦ ਕੇਂਦਰ, ਸੁਵਿਧਾ ਕੇਂਦਰ, ਆਰਟੀਏ ਦਫ਼ਤਰ, ਤਹਿਸੀਲ ਅਤੇ ਹੋਰ ਦਫ਼ਤਰਾਂ ਦੇ ਵੱਖ-ਵੱਖ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਊਂਟਰਾਂ ਦਾ ਨਿਰੀਖਣ ਕੀਤਾ ਅਤੇ ਸਰਕਾਰੀ ਦਫ਼ਤਰਾਂ ਵਿੱਚ ਕੰਮਾਂ ਲਈ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਡੀਸੀ ਅਮਿਤ ਤਲਵਾੜ ਨੇ ਸੇਵਾ ਕੇਂਦਰਾਂ ਅਤੇ ਸੁਵਿਧਾ ਕੇਂਦਰ ਦੇ ਪ੍ਰਬੰਧਕਾਂ ਨੂੰ ਆਦੇਸ਼ ਦਿੱਤੇ ਕਿ ਸਾਰੇ ਕਾਊਂਟਰਾਂ ਉੱਤੇ ਆਮ ਲੋਕਾਂ ਨੂੰ ਸਬੰਧਤ ਸੇਵਾਵਾਂ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਚੈਕਿੰਗ ਦੌਰਾਨ ਫਰਦ ਕੇਂਦਰ ਵਿੱਚ ਲੋਕਾਂ ਦੀ ਸਹੂਲਤ ਲਈ ਹੋਰ ਕਾਊਂਟਰ ਵਧਾਉਣ ਲਈ ਕਿਹਾ ਅਤੇ ਮੌਕੇ ’ਤੇ ਇੱਕ ਤੋਂ ਵਧਾ ਕੇ ਦੋ ਕਾਊਂਟਰ ਕੀਤੇ ਗਏ। ਉਨ੍ਹਾਂ ਤਹਿਸੀਲਦਾਰ ਪੁਨੀਤ ਬਾਂਸਲ ਨੂੰ ਫਰਦ ਕੇਂਦਰ ਨੂੰ ਅਪਗਰੇਡ ਕਰਨ ਸਬੰਧੀ ਦੋ ਦਿਨਾਂ ਵਿੱਚ ਰਿਪੋਰਟ ਭੇਜਣ ਦੇ ਆਦੇਸ਼ ਦਿੱਤੇ। ਸ੍ਰੀ ਤਲਵਾੜ ਨੇ ਕਿਹਾ ਕਿ ਟੋਕਨ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੂੰ ਨਿਰਧਾਰਿਤ ਸਮੇਂ ਵਿੱਚ ਲੋੜੀਂਦੀਆਂ ਸੇਵਾਵਾਂ ਦਿੱਤੀਆਂ ਜਾਣ ਅਤੇ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਜਾਵੇ।