ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 24 ਮਈ
ਇੱਥੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬੀਤੇ ਦਿਨ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨਾਲ ਪਿੰਡ ਚਨਾਰਥਲ ਕਲਾਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਇਸ ਮੌਕੇ ਸ੍ਰੀ ਨਾਗਰਾ ਨੇ ਜਿੱਥੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਦਾ ਜਾਇਜ਼ਾ ਲਿਆ, ਉੱਥੇ ਹਸਪਤਾਲ ਸਬੰਧੀ ਕਮੀਆਂ ਨੂੰ ਦੇਖਦਿਆਂ ਸਮੀਖਿਆ ਰਿਪੋਰਟ ਤਿਆਰ ਕੀਤੀ ਅਤੇ ਇਨ੍ਹਾਂ ਕਮੀਆਂ ਨੂੰ ਜਲਦ ਤੋਂ ਜਲਦ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਡ ਦੀ ਪੰਚਾਇਤ ਨੇ ਹਸਪਤਾਲ ਵਿਚ ਡਾਕਟਰਾਂ ਦੀ ਗਿਣਤੀ ਵਧਾਉਣ ਦੀ ਮੰਗ ਵੀ ਵਿਧਾਇਕ ਸਾਹਮਣੇ ਰੱਖੀ। ਵਿਧਾਇਕ ਨਾਗਰਾ ਨੇ ਇਹ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ।
ਸੰਸਦ ਮੈਂਬਰ ਤਿਵਾੜੀ ਵੱਲੋਂ ਕਰੋਨਾ ਸਥਿਤੀ ਦੀ ਸਮੀਖਿਆ
ਰੂਪਨਗਰ(ਪੱਤਰ ਪ੍ਰੇਰਕ): ਇਥੇ ਜ਼ਿਲ੍ਹਾ ਰੂਪਨਗਰ ਵਿੱਚ ਕਰੋਨਾਵਾਇਰਸ ਦੀ ਮੌਜੂਦਾ ਸਥਿਤੀ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਅੱਜ ਰੂਪਨਗਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐੱਸਐੱਸਪੀ ਡਾ. ਅਖਿਲ ਚੌਧਰੀ , ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਤੋਂ ਇਲਾਵਾ ਸਿਵਲ ਸਰਜਨ ਡਾ ਦਵਿੰਦਰ ਢਾਂਡਾ ਖ਼ਾਸ ਤੌਰ ’ਤੇ ਹਾਜ਼ਰ ਸਨ। ਮਨੀਸ਼ ਤਿਵਾੜੀ ਵੱਲੋਂ ਖਾਸ ਤੌਰ ’ਤੇ ਜ਼ਿਲ੍ਹੇ ਵਿਚ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ ਗਈ। ਮਨੀਸ਼ ਤਿਵਾੜੀ ਨੇ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਆਕਸੀਜਨ ਦੇ ਪਲਾਂਟ ਲਾਏ ਜਾਣ ਲਈ ਅਤੇ ਕੋਵਿਡ ਟੀਕਾਕਰਨ ਦੀਆਂ ਹੋਰ ਖੁਰਾਕਾਂ ਲਿਆਉਣ ਲਈ ਉਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਇਸ ਦਾ ਫੌਰੀ ਹੱਲ ਕੱਢਣਗੇ।