ਹਰਜੀਤ ਸਿੰਘ
ਡੇਰਾਬੱਸੀ, 20 ਮਈ
ਸ਼ੁੱਧੀ ਆਯੁਰਵੇਦਾ ਵੱਲੋਂ ਸਵਿੱਤਰੀ ਚੈਰੀਟੇਬਲ ਐਂਡ ਸੋਸ਼ਲ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਡੇਰਾਬੱਸੀ ਵਿੱਚ ਪਹਿਲਾਂ 32 ਬੈੱਡ ਦਾ ਕੋਵਿਡ ਕੇਅਰ ਸੈਂਟਰ ਸਥਾਪਤ ਕੀਤਾ ਗਿਆ ਹੈ। ਪਿੰਡ ਦੇਵੀਨਗਰ ਵਿੱਚ ਖੋਲ੍ਹੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੇ ਕੀਤਾ। ਇਸ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ੀਰਕਪੁਰ ਤੋਂ ਬਾਅਦ ਡੇਰਾਬੱਸੀ ਵਿੱਚ ਸ਼ੁੱਧੀ ਆਯੁਰਵੇਦਾ ਦੇ ਸਹਿਯੋਗ ਨਾਲ ਇਹ ਦੂਜਾ ਕੋਵਿਡ ਕੇਅਰ ਸੈਂਟਰ ਖੋਲ੍ਹਿਆ ਗਿਆ ਹੈ ਜਿਥੇ ਕਰੋਨਾ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਏਗਾ। ਇਥੇ 32 ਵਿੱਚੋਂ 19 ਬੈੱਡਾਂ ’ਤੇ ਆਕਸੀਜਨ ਦਾ ਪ੍ਰਬੰਧ ਹੈ। ਇੱਥੇ ਮਰੀਜ਼ਾਂ ਨੂੰ ਆਯੁਰਵੇਦ ਨਾਲ ਠੀਕ ਕੀਤਾ ਜਾਏਗਾ। ਉਨ੍ਹਾਂ ਕਿਹਾ ਐਮਰਜੈਂਸੀ ਦੀ ਹਾਲਤ ਵਿਚ 6 ਐਬੂਲੈਂਸ ਵੈਨਾਂ ਮਰੀਜ਼ ਲਈ ਹਾਜ਼ਰ ਰਹਿਣਗੀਆਂ। ਇਸ ਮੌਕੇ ਉਨ੍ਹਾਂ ਸਮਾਜ ਸੇਵੀ ਸੋਨੂੰ ਸੇਠੀ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ 2 ਐਬੂਲੈਂਸ ਵੈਨਾਂ ਸੈਂਟਰ ਲਈ ਦਿੱਤੀਆਂ। ਸ਼ੁੱਧੀ ਆਯੁਰਵੇਦਾ ਹਸਪਤਾਲ ਦੇ ਮੁਖੀ ਆਚਾਰਿਆ ਮਨੀਸ਼ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਦੇ ਬਾਲ ਭਵਨ ’ਚ 50 ਬੈੱਡ ਦਾ ਹਸਪਤਾਲ ਚਲਾ ਰਹੇ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕ੍ਰਿਸ਼ਨਪਾਲ ਸ਼ਰਮਾ, ਗੁਰਦਰਸ਼ਨ ਸਿੰਘ ਸੈਣੀ, ਭੁਪਿੰਦਰ ਸਿੰਘ ਸੈਣੀ, ਹਰਜਿੰਦਰ ਸਿੰਘ ਰੰਗੀ, ਟਿੰਮੀ ਪੂਨੀਆ ਹਾਜ਼ਰ ਸਨ।