ਬਨੂੜ: ਇਲਾਕੇ ਦੇ ਡੇਂਗੂ ਅਤੇ ਬੁਖਾਰ ਤੋਂ ਪ੍ਰਭਾਵਿਤ ਪਿੰਡ ਕਰਾਲਾ ਦਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਡੇਂਗੂ ਨਾਲ ਮਰਨ ਵਾਲੀਆਂ ਪਿੰਡ ਦੀਆਂ ਦੋ ਮਹਿਲਾਵਾਂ ਅਤੇ ਬੁਖਾਰ ਕਾਰਨ ਮਰਨ ਵਾਲੇ ਇੱਕ ਬਜ਼ੁਰਗ ਦੇ ਘਰ ਜਾ ਕੇ ਪੀੜਤਾਂ ਨਾਲ ਦੁੱਖ ਵੰਡਾਇਆ।
ਪਿੰਡ ਦੇ ਸਰਪੰਚ ਗੁਰਦੀਪ ਸਿੰਘ, ਮਲਕੀਤ ਸਿੰਘ ਆਦਿ ਨੇ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਵਾਸੀ ਬੁਖਾਰ, ਡੇਂਗੂ ਅਤੇ ਪਲੇਟਲੈੱਟਸ ਘਟਣ ਦੀ ਸ਼ਿਕਾਇਤ ਨਾਲ ਜੂਝ ਰਹੇ ਹਨ ਤੇ ਹਰ ਘਰ ਵਿੱਚ ਕੋਈ ਨਾ ਕੋਈ ਵਿਅਕਤੀ ਬਿਮਾਰ ਪਿਆ ਹੈ। ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਪੰਜਾਹ ਤੋਂ ਵੱਧ ਲੋਕ ਇਸ ਸਮੇਂ ਬੁਖਾਰ ਤੋਂ ਪੀੜਤ ਹਨ ਤੇ ਕਈਂ ਹਸਪਤਾਲਾਂ ਵਿੱਚ ਦਾਖ਼ਲ ਹਨ। ਉਨ੍ਹਾਂ ਵਿਧਾਇਕ ਤੋਂ ਮੰਗ ਕੀਤੀ ਕਿ ਪਿੰਡ ਵਿੱਚ ਸਿਹਤ ਵਿਭਾਗ ਦਾ ਪੱਕੇ ਤੌਰ ’ਤੇ ਕੈਂਪ ਲਗਾਇਆ ਜਾਵੇ। ਵਿਧਾਇਕ ਨੇ ਮੁਹਾਲੀ ਦੀ ਡੀਸੀ ਤੇ ਸਿਵਲ ਸਰਜਨ ਨੂੰ ਤੁਰੰਤ ਪਿੰਡ ਵਾਸੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਾਉਣ ਲਈ ਆਖਿਆ। ਉਨ੍ਹਾਂ ਬੀਡੀਪੀਓ ਨੂੰ ਸਾਰੇ ਪਿੰਡਾਂ ਵਿੱਚ ਫੋਗਿੰਗ ਕਰਾਉਣ ਦੇ ਨਿਰਦੇਸ਼ ਵੀ ਦਿੱਤੇ।
ਪਿੰਡ ਮੋਟੇਮਾਜਰਾ ਵਿੱਚ ਐੱਸਐੱਮਓ ਡਾ. ਸੁਰਿੰਦਰਪਾਲ ਕੌਰ ਦੀਆਂ ਹਦਾਇਤਾਂ ਉੱਤੇ ਸੈਨੇਟਰੀ ਇੰਸਪੈਕਟਰ ਦਿਨੇਸ਼ ਚੌਧਰੀ, ਸਿਹਤ ਵਰਕਰ ਰਘਵੀਰ ਸਿੰਘ ਚਾਓਮਾਜਰਾ ਦੀ ਅਗਵਾਈ ਹੇਠਲੀ ਟੀਮ ਨੇ ਘਰੋਂ-ਘਰੀਂ ਸਰਵੇ ਕੀਤਾ। ਉਨ੍ਹਾਂ ਬੁਖਾਰ ਤੋਂ ਪੀੜਤ ਅੱਧਾ ਦਰਜਨ ਮਰੀਜ਼ਾਂ ਨੂੰ ਹਸਪਤਾਲ ਲਈ ਰੈਫ਼ਰ ਕੀਤਾ। ਉਨ੍ਹਾਂ ਪਿੰਡ ਵਿੱਚੋਂ ਵੀਹ ਥਾਵਾਂ ਤੋਂ ਡੇਂਗੂ ਦਾ ਲਾਰਵਾ ਖਤਮ ਕੀਤਾ ਅਤੇ ਮੱਛਰ ਮਾਰਨ ਵਾਲੀ ਦਵਾਈ ਦਾ ਸਪਰੇਅ ਵੀ ਕੀਤਾ।
ਕੈਪਸ਼ਨ; ਵਿਧਾਇਕ ਕੰਬੋਜ ਨੂੰ ਡੇਂਗੂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਅਤੇ ਪੰਚਾਇਤ ਮੈਂਬਰ। ਫੋਟੋ: ਚਿੱਲਾ