ਪੱਤਰ ਪ੍ਰੇਰਕ
ਬਨੂੜ, 6 ਜਨਵਰੀ
ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਪਿੰਡ ਮਾਣਕਪੁਰ, ਖੇੜਾ ਗੱਜੂ, ਨੱਤਿਆਂ, ਖਾਨਪੁਰ ਬੰਗਰ, ਫ਼ਤਹਿਪੁਰ ਗੜ੍ਹੀ, ਰਾਮਨਗਰ, ਚੰਦੂਆਂ ਖੁਰਦ, ਬਲਸੂਆਂ, ਚੱਕ ਕਲਾਂ ਆਦਿ ਵਿਖੇ ਸੈਂਕੜੇ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਪੰਜ-ਪੰਜ ਮਰਲੇ ਦੇ ਪਲਾਟਾਂ ਅਤੇ ਰੂੜੀਆਂ ਲਈ ਦੋ-ਦੋ ਮਰਲੇ ਦੇ ਪਲਾਟਾਂ ਦੀਆਂ ਸਨਦਾਂ ਵੰਡੀਆਂ।
ਵਿਧਾਇਕ ਨੇ ਪਿੰਡ ਖੇੜਾ ਗੱਜੂ ਵਿਖੇ ਪਾਰਕ ਅਤੇ ਹੋਰ ਵਿਕਾਸ ਕੰਮਾਂ ਦੇ ਨੀਂਹ ਪੱਥਰ ਵੀ ਰੱਖੇ। ਪਿੰਡਾਂ ਵਿੱਚ ਇਕੱਠਾਂ ਦੌਰਾਨ ਉਨ੍ਹਾਂ ਹਲਕੇ ਵਿੱਚ ਕੀਤੇ ਕੰਮ ਗਿਣਾਏ ਅਤੇ ਕਿਹਾ ਕਿ ਉਹ ਰਾਜਪੁਰਾ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਉਣ ਵਿੱਚ ਸਫ਼ਲ ਹੋਏ ਹਨ। ਪੰਚਾਇਤਾਂ ਵੱਲੋਂ ਵਿਧਾਇਕ ਦਾ ਸਨਮਾਨ ਵੀ ਕੀਤਾ ਗਿਆ।
ਅਕਾਲੀ ਉਮੀਦਵਾਰ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ
ਅਕਾਲੀ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਇਸ ਖੇਤਰ ਦੇ ਪਿੰਡ ਲੈਹਿਲਾਂ, ਉੜਦਣ, ਕਲੌਲੀ ਸਮੇਤ ਅੱਧੀ ਦਰਜਨ ਦੇ ਕਰੀਬ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ। ਉਨ੍ਹਾਂ ਕਾਂਗਰਸੀ ਵਿਧਾਇਕ ਅਤੇ ਪੰਜਾਬ ਸਰਕਾਰ ਉੱਤੇ ਤਿੱਖੇ ਹਮਲੇ ਕਰਦਿਆਂ ਦਾਅਵਾ ਕੀਤਾ ਕਿ ਹਲਕੇ ਵਿੱਚ ਅਕਾਲੀ-ਬਸਪਾ ਗਠਜੋੜ ਦੀ ਜਿੱਤ ਯਕੀਨੀ ਹੈ।