ਪੱਤਰ ਪ੍ਰੇਰਕ
ਖਰੜ, 14 ਜੁਲਾਈ
ਇਥੇ ਹਲਕਾ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਅੱਜ ਸੁਹਾਲੀ-ਨੱਗਲੀਆਂ ਪੁਲ ’ਤੇ ਇੱਕ ਬਰਸਾਤੀ ਨਦੀ ਦੇ ਉੱਪਰ ਚੱਲ ਰਹੇ ਕੰਮ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਇਸ ਮੌਕੇ ਵਿਧਾਇਕ ਸੰਧੂ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਕਿ ਇਸ ਪੁਲ ਦਾ ਨਿਰਮਾਣ ਇਸ ਸਾਲ ਦੇ ਸਤੰਬਰ ਦੇ ਅੰਤ ਤੱਕ ਪੂਰਾ ਹੋ ਸਕੇ। ਪੁਲ ਦਾ ਨਿਰਮਾਣ ਕਰ ਰਹੇ ਇੰਜਨੀਅਰਾਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਮਜ਼ਦੂਰਾਂ ਦੀ ਕਮੀ ਆ ਗਈ ਹੈ, ਜਿਸ ਕਾਰਨ ਪੁਲ ਦਾ ਕੰਮ ਪੂਰਾ ਹੋਣ ਵਿੱਚ ਦੇਰੀ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਪੁਲ ਦੇ ਨਿਰਮਾਣ ਕਾਰਜ ਦਾ ਉਦਘਾਟਨ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਫਰਵਰੀ 2019 ਵਿੱਚ ਕੀਤਾ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਇਹ ਕੰਮ ਪੂਰਾ ਹੋਣਾ ਸੀ। ਨਿਰਮਾਣ ਅਧੀਨ 120 ਮੀਟਰ ਲੰਬਾ ਬਿੱਲ, ਸੁਹਾਲੀ ਦੇ ਆਸ-ਪਾਸ ਇੱਕ ਦਰਜਨ ਤੋਂ ਵੱਧ ਪਿੰਡਾਂ ਨੂੰ ਮਾਜਰੀ ਸਬ-ਤਹਿਸੀਲ ਨਾਲ ਜੋੜੇਗਾ। ਇਨ੍ਹਾਂ ਪਿੰਡਾਂ ਵਾਲਿਆਂ ਨੂੰ ਬਹੁਤ ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ। ਦਰਿਆ ’ਤੇ ਪੁਲ ਬਣਾਉਣ ਦੀ ਮੰਗ ਮਾਜਰੀ ਬਲਾਕ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ। ਇਸ ਦੌਰਾਨ ਵਿਧਾਇਕ ਕੰਵਰ ਸੰਧੂ ਨੇ ਪਿੰਡ ਤਿਉੜ ਤੋਂ ਅੱਲਾਪੁਰ ਪਿੰਡ ਤੱਕ 2 ਕਿੱਲੋਮੀਟਰ ਦੇ ਕੱਚੇ ਰਸਤੇ ਦਾ ਦੌਰਾ ਵੀ ਕੀਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਹਿੱਸੇ ਉੱਤੇ ਪੱਕੀ ਸੜਕ ਬਣਾਉਣ ਦਾ ਪ੍ਰਸਤਾਵ ਦਿੱਤਾ। ਇਸ ਮੌਕੇ ਵਿਧਾਇਕ ਕੰਵਰ ਸੰਧੂ ਨੇ ਨਾਲ ਉਨ੍ਹਾਂ ਦੀ ਟੀਮ ਦੇ ਮੈਂਬਰ ਕੁਲਦੀਪ ਸਿੰਘ ਸਿੱਧੂ, ਸਰਬਜੀਤ ਸਿੰਘ ਧਾਲੀਵਾਲ, ਸਤਿੰਦਰ ਸਿੰਘ ਭਜੋਲੀ ਅਤੇ ਇਲਾਕੇ ਦੇ ਕੁੱਝ ਸਥਾਨਕ ਲੋਕ ਵੀ ਹਾਜ਼ਰ ਸਨ।