ਪੱਤਰ ਪ੍ਰੇਰਕ
ਰੂਪਨਗਰ, 16 ਅਪਰੈਲ
ਇੱਥੇ ਅੱਜ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਬੀਐੱਸਸੀ, ਸੀਐਂਡਸੀ ਪ੍ਰਾਈਵੇਟ ਟੌਲ ਲਿਮਿਟਡ ਸੋਲਖੀਆਂ ਦੀ ਐਂਬੂਲੈਂਸ ਦਾ ਮੁਆਇਨਾ ਕੀਤਾ ਗਿਆ। ਇਸ ਦੌਰਾਨ ਐਂਬੂਲੈਂਸ ’ਚ ਕਾਫੀ ਖਾਮੀਆਂ ਪਾਈਆਂ ਗਈਆਂ।
ਵਿਧਾਇਕ ਦਿਨੇਸ਼ ਚੱਢਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟੌਲ ਕੰਪਨੀ ਦੀ ਐਂਬੂਲੈਂਸ ਵਿੱਚੋਂ ਆਕਸੀਜਨ ਦੇ ਸਿਲੰਡਰ ਦੀਆਂ ਪਾਈਪਾਂ ਗਾਇਬ ਸਨ ਤੇ ਸਿਲੰਡਰ ਚਾਲੂ ਹਾਲਤ ਵਿੱਚ ਨਹੀਂ ਸੀ। ਫਸਟ ਏਡ ਕਿੱਟ ਦੀ ਹਾਲਤ ਵੀ ਕਾਫੀ ਮਾੜੀ ਸੀ ਅਤੇ ਕਿੱਟ ਵਿੱਚ ਸ਼ਾਮਲ ਕੈਂਚੀ, ਪੈਕਟ ਵਿੱਚ ਸੀਲਬੰਦ ਪਈ ਸੀ। ਇਸ ਨੂੰ ਦੇਖ ਕੇ ਜਾਪਦਾ ਸੀ ਕਿ ਇਸ ਦੀ ਕਦੇ ਕਿਸੇ ਮਰੀਜ਼ ਲਈ ਵਰਤੋਂ ਹੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ਦਾ ਚਾਲਕ ਤਾਂ ਮੌਕੇ ’ਤੇ ਮੌਜੂਦ ਸੀ, ਪਰ ਐਂਬੂਲੈਂਸ ਦਾ ਮੈਡੀਕਲ ਅਟੈਂਡੈਂਟ ਮੌਜੂਦ ਨਹੀਂ ਸੀ। ਸ੍ਰੀ ਚੱਢਾ ਨੇ ਕਿਹਾ ਕਿ ਸਬੰਧਤ ਕੰਪਨੀ ਵੱਲੋਂ ਐਂਬੂਲੈਂਸ ਨੂੰ ਇੱਕ ਐਂਬੂਲੈਂਸ ਦੇ ਤੌਰ ’ਤੇ ਨਹੀਂ ਬਲਕਿ ਸੜਕ ਹਾਦਸੇ ਦੌਰਾਨ ਫੱਟੜ ਹੋਏ ਵਿਅਕਤੀ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਇੱਕ ਆਮ ਟੈਕਸੀ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਮੁਤਾਬਕ ਉਕਤ ਐਂਬੂਲੈਂਸ ਦੀ ਪਿਛਲੇ ਤਿੰਨ ਸਾਲਾਂ ਦੌਰਾਨ ਕਦੇ ਕੋਈ ਚੈਕਿੰਗ ਨਹੀਂ ਕੀਤੀ ਗਈ, ਜੋ ਕਿ ਨਿਯਮਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਹੁਣ ਪੂਰੇ ਪੰਜਾਬ ਅੰਦਰ ਐਂਬੂਲੈਂਸਾਂ ਦੀ ਵਰਤੋਂ ਕਰਨ ਵਾਲੀਆਂ ਸੰਸਥਾਵਾਂ ਨੂੰ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਐਂਬੂਲੈਂਸ ਵਾਹਨਾਂ ਦੀ ਤੈਅ ਨਿਯਮਾਂ ਅਨੁਸਾਰ ਸਮੇਂ-ਸਮੇਂ ਸਿਰ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਟੌਲ ਕੰਪਨੀ ਦੇ ਅਧਿਕਾਰੀਆਂ ਨੂੰ ਤੁਰੰਤ ਐਂਬੂਲੈਂਸ ਦੀ ਮੁਰੰਮਤ ਕਰਵਾ ਕੇ ਲੋੜੀਂਦੀਆਂ ਸੁਵਿਧਾਵਾਂ ਪੂਰੀਆਂ ਕਰਨ ਲਈ ਕਿਹਾ ਤੇ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੂੰ ਐਂਬੂਲੈਂਸ ਦੀ ਚੈਕਿੰਗ ਕਰ ਕੇ ਸ਼ਰਤਾਂ ਪੂਰੀਆਂ ਨਾ ਕਰਨ ਸਬੰਧੀ ਬਣਦੀ ਕਾਰਵਾਈ ਕਰਨ ਲਈ ਕਿਹਾ।