ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਫਰਵਰੀ
ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਸਿੱਖਰ ’ਤੇ ਪਹੁੰਚ ਦਿੱਤਾ ਹੈ। ਅੱਜ ਮੁਹਾਲੀ ’ਚ ਸਿੱਖ ਆਗੂਆਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓਐੱਸਡੀ ਲਖਵਿੰਦਰ ਕੌਰ ਗਰਚਾ ਨੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਇਸ ਤੋਂ ਪਹਿਲਾਂ ਚੋਣ ਦਫ਼ਤਰ ਵਿੱਚ ਸੰਜੀਵ ਵਸ਼ਿਸ਼ਟ, ਸੁਖਵਿੰਦਰ ਸਿੰਘ ਗੋਲਡੀ, ਸਿੱਖ ਆਗੂ ਰਜਿੰਦਰ ਸਿੰਘ ਬਡਹੇੜੀ ਤੇ ਹੋਰ ਆਗੂਆਂ ਨੇ ਭਾਜਪਾ ਦਾ 11 ਨੁਕਾਤੀ ਸੰਕਲਪ ਪੱਤਰ ਜਾਰੀ ਕੀਤਾ। ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਪੰਜਾਬ ਵਿੱਚ 10 ਮਾਰਚ ਤੋਂ ਬਾਅਦ ਭਾਜਪਾ ਦੀ ਸਰਕਾਰ ਬਣੇਗੀ ਤੇ ਪਹਿਲੇ ਪੜਾਅ ’ਚ ਖੇਤੀ ਸੰਕਟ ਦਾ ਹੱਲ ਕੀਤਾ ਜਾਵੇਗਾ ਤੇ ਬੇਰੁਜ਼ਗਾਰੀ ਠੱਲ੍ਹ ਪਾਉਣ ਲਈ ਵੱਡੀਆਂ ਸਨਅਤਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ 11 ਨੁਕਾਤੀ ਏਜੰਡਾ ਲਾਗੂ ਕੀਤਾ ਜਾਵੇਗਾ।