ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 5 ਜਨਵਰੀ
ਮਿਸ਼ਨ ਸ਼ਤ-ਪ੍ਰਤੀਸ਼ਤ ਸਮੇਤ ਵਿਭਾਗ ਦੇ ਹੋਰਨਾਂ ਟੀਚਿਆਂ ਦੀ ਪੂਰਤੀ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਐਜੂਸੈਟ ਰਾਹੀਂ ਸੰਬੋਧਨ ਕੀਤਾ ਅਤੇ ਸੈਸ਼ਨ 2020-21 ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਬਣਾਉਣ ਲਈ ਹੱਲਾਸ਼ੇਰੀ ਦਿੰਦਿਆਂ ਆਪਣੀ ਡਿਊਟੀ ਪੂਰੀ ਲਗਨ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਕਿ 7 ਨਵੰਬਰ 2020 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਸ਼ਤ-ਪ੍ਰਤੀਸ਼ਤ 2021 ਦਾ ਆਗਾਜ਼ ਕਰਦਿਆਂ 100 ਫੀਸਦੀ ਵਿਦਿਆਰਥੀ ਪਾਸ ਹੋਣ ਅਤੇ ਜ਼ਿਆਦਾਤਰ ਵਿਦਿਆਰਥੀ 90 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਕੋਵਿਡ-19 ਦੇ ਮੱਦੇਨਜ਼ਰ ਤਾਲਾਬੰਦੀ ਦੌਰਾਨ ਕਰੋਨਾ ਯੋਧਿਆਂ ਵਾਂਗ ਅੱਗੇ ਹੋ ਕੇ ਕੰਮ ਕੀਤਾ ਅਤੇ ਵਧੀਆ ਨਤੀਜੇ ਲਈ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ, ਨਾਨ-ਟੀਚਿੰਗ ਸਟਾਫ਼, ਮਿਡ-ਡੇਅ-ਮੀਲ ਵਰਕਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਸਿੱਖਿਆ ਸਕੱਤਰ ਨੇ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ 2021 ਨੂੰ ਸੰਜੀਦਗੀ ਨਾਲ ਲੈ ਕੇ ਵਿਦਿਆਰਥੀਆਂ ਦੀ ਦੋਮਾਹੀ ਟੈਸਟਾਂ ਦੀ ਕਾਰਗੁਜ਼ਾਰੀ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ। ਜਿਹੜੇ ਪੱਖਾਂ ਵਿੱਚ ਵਿਦਿਆਰਥੀ ਕਮਜ਼ੋਰ ਹਨ ਉਨ੍ਹਾਂ ਦੇ ਸਿੱਖਣ ਪਰਿਣਾਮਾਂ ਦੇ ਮੁਲਾਂਕਣ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਨੂੰ ਬਡੀ ਗਰੁੱਪ ਵਿੱਚ ਕੰਮ ਕਰਵਾ ਕੇ ਸਬੰਧਤ ਵਿਸ਼ੇ ਦੀਆਂ ਧਾਰਨਾਵਾਂ ਦੀ ਦੁਹਰਾਈ ਕਰਵਾਈ ਜਾਵੇ।
ਕ੍ਰਿਸ਼ਨ ਕੁਮਾਰ ਨੇ ਵੱਧ ਹਾਜ਼ਰੀ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਯੋਜਨਾਬੰਦੀ ਬਾਰੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਨੈਤਿਕ ਸਿੱਖਿਆ ਦਾ ਵਿਸ਼ਾ ‘ਸਵਾਗਤ ਜ਼ਿੰਦਗੀ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈੈ। ਐੱਜੂਸੈੱਟ ਰਾਹੀਂ ਹੋਈ ਇਸ ਮੀਟਿੰਗ ਵਿੱਚ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਜਗਤਾਰ ਸਿੰਘ ਕੂਲੜੀਆ ਅਤੇ ਸਹਾਇਕ ਡਾਇਰੈਕਟਰ ਸਲਿੰਦਰ ਸਿੰਘ ਅਤੇ ਹੋਰ ਸਟੇਟ ਰਿਸੋਰਸ ਪਰਸਨ ਵੀ ਮੌਜੂਦ ਰਹੇ।