ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਫਰਵਰੀ
ਕਰੋਨਾ ਦੇ ਕੇਸ ਘਟਣ ਕਾਰਨ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਹੁਣ ਭਾਵੇਂ ਕੁਝ ਮਹੀਨੇ ਹੀ ਹੋਰ ਚੱਲੇਗੀ ਪਰ ਇਥੋਂ ਦੇ ਸਕੂਲਾਂ ਵਿਚ ਆਨਲਾਈਨ ਪੜ੍ਹਾਈ ਦੌਰਾਨ ਵਿਦਿਆਰਥਣਾਂ ਦੀ ਨਿੱਜਤਾ ਭੰਗ ਹੋ ਰਹੀ ਹੈ। ਪੰਚਕੂਲਾ ਦੇ ਸੈਕਟਰ-6 ਦੇ ਇਕ ਸਕੂਲ ਵਿੱਚ ਅੱਜ ਦੋ ਲੜਕੇ ਗਲਤ ਤਰੀਕੇ ਨਾਲ ਆਨਲਾਈਨ ਜਮਾਤ ਵਿਚ ਦਾਖਲ ਹੋਏ ਤੇ ਅਸ਼ਲੀਲ ਹਰਕਤਾਂ ਕੀਤੀਆਂ। ਇਸ ਤੋਂ ਇਲਾਵਾ ਕਈ ਸਕੂਲਾਂ ਵਿਚ ਸ਼ਰਾਰਤੀ ਅਨਸਰ ਜਾਅਲੀ ਆਈਡੀਜ਼ ਬਣਾ ਕੇ ਜਮਾਤਾਂ ਲਗਾ ਰਹੇ ਹਨ ਤੇ ਜਮਾਤਾਂ ਦੌਰਾਨ ਗਾਲਾਂ ਕੱਢ ਕੇ ਤੇ ਅਪਮਾਨਜਨਕ ਸ਼ਬਦਾਵਲੀ ਲਿਖ ਕੇ ਵਿਘਨ ਪਾ ਰਹੇ ਹਨ। ਇਹੀ ਸਮੱਸਿਆ ਸਰਕਾਰੀ ਸਕੂਲਾਂ ਵਿਚ ਵੀ ਆ ਰਹੀ ਹੈ। ਦੂਜੇ ਪਾਸੇ ਅਧਿਆਪਕਾਂ ਨੇ ਆਨਲਾਈਨ ਪੜ੍ਹਾਈ ਦੇ ਸਿਸਟਮ ਨੂੰ ਦੋਸ਼ੀ ਠਹਿਰਾਇਆ ਹੈ। ਇਸ ਸਬੰਧੀ ਸ਼ਿਕਾਇਤਾਂ ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਕੋਲ ਵੀ ਪੁੱਜੀਆਂ ਹਨ।
ਵੇਰਵਿਆਂ ਅਨੁਸਾਰ ਉਕਤ ਸਕੂਲ ਦੀ ਅੱਜ 6-ਬੀ ਦੀ ਐੱਸਐੱਸਟੀ ਦੀ ਆਨਲਾਈਨ ਜਮਾਤ ਚੱਲ ਰਹੀ ਸੀ ਜਿਸ ਵਿਚ ਇਕ ਲੜਕਾ ਗਲਤ ਢੰਗ ਨਾਲ ਦਾਖਲ ਹੋ ਕੇ ਡਾਂਸ ਕਰਨ ਲੱਗ ਪਿਆ। ਅਧਿਆਪਕਾ ਨੇ ਬੱਚਿਆਂ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ। ਇਸ ਤੋਂ ਬਾਅਦ ਇਕ ਹੋਰ ਲੜਕਾ ਸਵੇਰੇ 9.50 ਵਜੇ ਨਗਨ ਹਾਲਤ ਵਿੱਚ ਜਮਾਤ ਵਿਚ ਦਾਖਲ ਹੋਇਆ। ਇਸ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲਾਂ ਨੂੰ ਆਨਲਾਈਨ ਸਿਸਟਮ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਕਿ ਛੋਟੀਆਂ ਬੱਚੀਆਂ ਨੂੰ ਪ੍ਰੇਸ਼ਾਨੀ ਨਾ ਆਵੇ। ਦੱਸਣਾ ਬਣਦਾ ਹੈ ਕਿ ਸਕੂਲਾਂ ਵਿਚ ਕਰੋਨਾ ਕਾਰਨ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਲਈ ਅਧਿਆਪਕ ਵਿਦਿਆਰਥੀਆਂ ਨੂੰ ਲਿੰਕ ਭੇਜਦੇ ਹਨ ਤੇ ਉਸ ਲਿੰਕ ’ਤੇ ਜਾ ਕੇ ਵਿਦਿਆਰਥੀ ਵਰਚੁਅਲ ਕਲਾਸ ਰੂਮ ਵਿਚ ਦਾਖਲ ਹੁੰਦੇ ਹਨ ਪਰ ਕਈ ਵਿਦਿਆਰਥੀ ਇਹ ਲਿੰਕ ਆਪਣੇ ਦੋਸਤਾਂ ਤੇ ਸ਼ਰਾਰਤੀ ਅਨਸਰਾਂ ਨੂੰ ਭੇਜ ਦਿੰਦੇ ਹਨ ਜੋ ਉਸੇ ਜਮਾਤ ਦੀਆਂ ਵਿਦਿਆਰਥਣਾਂ ਦੀ ਫੇਕ ਆਈਡੀ ਬਣਾ ਕੇ ਜਮਾਤ ਵਿਚ ਸ਼ਾਮਲ ਹੋ ਜਾਂਦੇ ਹਨ ਤੇ ਜਮਾਤਾਂ ਵਿਚ ਵਿਘਨ ਪਾਉਂਦੇ ਹਨ। ਅਧਿਆਪਕਾਂ ਨੇ ਦੱਸਿਆ ਕਿ ਵਿਦਿਆਰਥੀ ਉਨ੍ਹਾਂ ਦੇ ਬਲੈਕਬੋਰਡ ’ਤੇ ਕੀਤੇ ਕੰਮ ’ਤੇ ਗਲਤ ਫਿਕਰੇ ਲਿਖ ਕੇ ਤੰਗ ਕਰਦੇ ਹਨ।
ਮਾਮਲੇ ਬਾਰੇ ਅਧਿਕਾਰੀਆਂ ਨੂੰ ਕੀਤੀ ਜਾਵੇਗੀ ਸ਼ਿਕਾਇਤ
ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਪੰਚਕੂਲਾ ਦੇ ਸਕੂਲ ਦੀ ਆਨਲਾਈਨ ਜਮਾਤ ਵਿਚ ਸ਼ਰਮਨਾਕ ਘਟਨਾ ਵਾਪਰਨ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ ਜਿਸ ਬਾਰੇ ਉਹ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਹਦਾਇਤ ਕਰੇ ਕਿ ਜਿਹੜੇ ਬੱਚਾ ਕੈਮਰਾ ਆਫ ਕਰ ਕੇ ਜਮਾਤ ਲਾਵੇਗਾ ਉਸ ਨੂੰ ਆਨਲਾਈਨ ਜਮਾਤ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਡਿਜੀਟਲ ਸਿੱਖਿਆ ਦੇਣ ਵੇਲੇ ਸਿਰਫ ਬੋਰਡ ਵਲੋਂ ਪ੍ਰਵਾਨਿਤ ਐਪਜ਼ ਰਾਹੀਂ ਹੀ ਸਿੱਖਿਆ ਦਿੱਤੀ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਨਿੱਜਤਾ ਪ੍ਰਭਾਵਿਤ ਨਾ ਹੋਵੇ।
ਗੂਗਲ ਮੀਟ ਤੇ ਜ਼ੂਮ ਐਪ ਵਿੱਚ ਖਾਮੀਆਂ
ਸਕੂਲਾਂ ਵਿਚ ਗੂਗਲ ਮੀਟ ਤੇ ਜ਼ੂਮ ਐਪਜ਼ ਰਾਹੀਂ ਪੜ੍ਹਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਜ਼ਿਆਦਾਤਰ ਬੱਚੇ ਜਮਾਤ ਲਾਉਣ ਵੇਲੇ ਆਪਣੇ ਕੈਮਰੇ ਆਫ ਕਰ ਲੈਂਦੇ ਹਨ ਤੇ ਅਧਿਆਪਕਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਜਮਾਤ ਕੌਣ ਕੌਣ ਬੱਚਾ ਲਗਾ ਰਿਹਾ ਹੈ। ਇਥੋਂ ਦੇ ਅਧਿਆਪਕਾਂ ਨੇ ਦੱਸਿਆ ਕਿ ਆਨਲਾਈਨ ਪੜ੍ਹਾਈ ਵਿਚ ਕਈ ਖਾਮੀਆਂ ਹਨ। ਜ਼ੂਮ ਐਪ ’ਤੇ ਪ੍ਰਾਈਵੇਟ ਚੈਟ ਦੀ ਆਪਸ਼ਨ ਹੈ ਤੇ ਕਈ ਬੱਚੇ ਜਮਾਤ ਵਿਚ ਪੜ੍ਹਨ ਦੀ ਥਾਂ ਪ੍ਰਾਈਵੇਟ ਚੈਟ ਕਰਦੇ ਹਨ ਤੇ ਮਾਪਿਆਂ ਨੂੰ ਇਸ ਬਾਰੇ ਪਤਾ ਨਹੀਂ ਲਗਦਾ ਜਦਕਿ ਗੂਗਲ ਮੀਟ ਵਿਚ ਚੈਟ ਜਨਤਕ ਹੋ ਜਾਂਦੀ ਹੈ।