ਮਿਹਰ ਸਿੰਘ
ਕੁਰਾਲੀ, 14 ਜੁਲਾਈ
ਪਹਾੜੀ ਖੇਤਰ ਤੋਂ ਆਉਣ ਵਾਲੀ ਬਰਸਾਤੀ ਨਦੀ ਮਿਰਜ਼ਾਪੁਰ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਪਿੰਡ ਦੀ ਜੂਹ ਵਿੱਚੋਂ ਲੰਘਦੀ ਇਸ ਨਦੀ ਵਿੱਚ ਬਰਸਾਤੀ ਪਾਣੀ ਆਉਣ ਕਾਰਨ ਅਕਸਰ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਬਬਲੀ, ਸਾਬਕਾ ਸਰਪੰਚ ਦਿਲਾ ਰਾਮ, ਲੱਜਾ ਰਾਮ, ਰਣਜੀਤ ਸਿੰਘ, ਰਾਮ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵੱਸਿਆ ਉਨ੍ਹਾਂ ਦਾ ਪਿੰਡ ਮਿਰਜ਼ਾਪੁਰ ਪੰਜਾਬ ਦਾ ਆਖ਼ਰੀ ਪਿੰਡ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਜੂਹ ਵਿੱਚੋਂ ਬਰਸਾਤੀ ਨਦੀ ਲੰਘਦੀ ਹੈ ਜੋ ਕਿ ਬਰਸਾਤ ਦੇ ਮੌਸਮ ਵਿੱਚ ਅਕਸਰ ਭਰ ਕੇ ਚੱਲਦੀ ਹੈ। ਇਸ ਨਦੀ ਦੇ ਇੱਕ ਪਾਸੇ ਪਿੰਡ ਵੱਸਿਆ ਹੋਇਆ ਹੈ ਜਦਕਿ ਦੂਜੇ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਮਿਡਲ ਸਕੂਲ, ਪ੍ਰਾਚੀਨ ਮੰਦਰ, ਪਸ਼ੂ ਹਸਪਤਾਲ, ਜਲ ਸਪਲਾਈ ਚੈਂਬਰ ਅਤੇ ਸੀਸਵਾਂ ਨੂੰ ਜੋੜਨ ਵਾਲੀ ਸੜਕ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਇਸ ਨਦੀ ਵਿੱਚ ਅਕਸਰ ਅਚਾਨਕ ਪਾਣੀ ਆ ਜਾਂਦਾ ਹੈ, ਜਿਸ ਕਰ ਕੇ ਹਰ ਸਮੇਂ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਹੇਠਲੇ ਹਿੱਸੇ ਵਿੱਚ ਸੁੱਕਾ ਮੌਸਮ ਹੋਣ ਦੇ ਬਾਵਜੂਦ ਪਹਾੜੀ ਇਲਾਕ ’ਚੋਂ ਹੀ ਨਦੀ ਭਰ ਕੇ ਆ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਪ੍ਰੇਸ਼ਾਨੀ ਪ੍ਰਾਇਮਰੀ ਤੇ ਮਿਡਲ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਝੱਲਣੀ ਪੈਂਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨਦੀ ਵਿੱਚ ਅਚਾਨਕ ਆਇਆ ਬਰਸਾਤੀ ਪਾਣੀ ਪਹਿਲਾਂ ਵੀ ਕਈ ਜਾਨਾਂ ਲੈ ਚੁੱਕਾ ਹੈ। ਬਰਸਾਤ ਦੇ ਮੌਸਮ ਵਿੱਚ ਕਈ ਸੰਸਥਾਵਾਂ ਦਾ ਸੰਪਰਕ ਪਿੰਡ ਦੀਆਂ ਰਿਹਾਇਸ਼ੀ ਕਲੋਨੀਆਂ ਤੋਂ ਟੁੱਟਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਬਰਸਾਤੀ ਨਦੀ ਦੀ ਇਸ ਸਮੱਸਿਆ ਦੇ ਹੱਲ ਦੀ ਮੰਗ ਕਰਦਿਆਂ ਨਦੀ ’ਤੇ ਪੁਲ ਬਣਾਉਣ ਦੀ ਮੰਗ ਕੀਤੀ। ਪਿਛਲੇ ਕਈ ਦਿਨਾਂ ਤੋਂ ਪਹਾੜੀ ਖੇਤਰ ਵਿੱਚੋਂ ਆ ਰਹੇ ਬਰਸਾਤੀ ਪਾਣੀ ਕਾਰਨ ਨਦੀ ਭਰ ਕੇ ਚੱਲ ਰਹੀ ਹੈ। ਦਿਲਾ ਰਾਮ ਤੇ ਹੋਰਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਿੰਡ ਦੇ ਵੱਖ-ਵੱਖ ਘਰਾਂ ਅਤੇ ਇਮਾਰਤਾਂ ਵਿੱਚ ਸਕੂਲ ਚਲਾਉਣਾ ਪੈਂਦਾ ਹੈ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਪੈਣਾ ਸੁਭਾਵਿਕ ਹੈ ਜਦਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਜਾਨ ਵੀ ਹਰ ਵੇਲੇ ਖਤਰੇ ਵਿੱਚ ਰਹਿੰਦੀ ਹੈ।