ਹਰਜੀਤ ਸਿੰਘ
ਜ਼ੀਰਕਪੁਰ, 9 ਸਤੰਬਰ
ਹਰਿਆਣਾ ਤੋਂ ਟਿੱਪਰਾਂ ਵਿੱਚ ਰੇਤ ਲਿਆ ਕੇ ਪੰਜਾਬ ਆ ਰਹੇ ਚਾਲਕਾਂ ਨੂੰ ਮਾਈਨਿੰਗ ਵਿਭਾਗ ਵੱਲੋਂ ਲਗਾਤਾਰ ਰੋਕ ਕੇ ਸੱਤ ਰੁਪਏ ਰਾਇਲਟੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਲੰਘੀ ਦੇਰ ਸ਼ਾਮ ਟਿੱਪਰ ਚਾਲਕ ਭੜਕ ਗਏ। ਉਨ੍ਹਾਂ ਨੇ ਆਪਣੇ ਟਿੱਪਰ ਖੜ੍ਹੇ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀ ਟਿੱਪਰ ਚਾਲਕਾਂ ਨੇ ਦੋਸ਼ ਲਾਇਆ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਧੱਕੇਸ਼ਾਹੀ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਜ਼ਾਹਰਾਕਾਰੀ ਟਿੱਪਰ ਚਾਲਕ ਰਵਿੰਦਰ ਸੈਣੀ ਅਤੇ ਅਰੁਣ ਮਿੱਢਾ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਵੱਲੋਂ ਪੰਜਾਬ ਵਿੱਚ ਮਾਈਨਿੰਗ ਕੀਤੀ ਹੈ ਅਤੇ ਨਾ ਹੀ ਇਥੋਂ ਮਾਲ ਦੀ ਖਰੀਦ ਕੀਤੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਉਨ੍ਹਾਂ ਤੋਂ ਟੈਕਸ ਮੰਗ ਰਹੀ ਹੈ। ਜਦਕਿ ਉਹ ਹਰਿਆਣਾ ਤੋਂ ਪੱਕੇ ਬਿੱਲ ’ਤੇ ਸਾਰੇ ਟੈਕਸ ਅਤੇ ਰਾਇਲਟੀ ਦੇ ਕੇ ਮਾਲ ਲਿਆਉਂਦੇ ਹਨ। ਟਿੱਪਰ ਚਾਲਕਾਂ ਨੇ ਕਿਹਾ ਕਿ ਪੰਜਾਬ ਵਿੱਚ ਮਾਈਨਿੰਗ ਬੰਦ ਹੋਣ ਕਾਰਨ ਉਹ ਹਰਿਆਣਾ ਤੋਂ ਮਾਲ ਲਿਆ ਕੇ ਪੰਜਾਬ ਦੇ ਲੋਕਾਂ ਦਾ ਬੁੱਤਾ ਸਾਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹਰਿਆਣਾ ਤੋਂ 20 ਰੁਪਏ ਫੁੱਟ ਰੇਤ ਲਿਆ ਕੇ ਸਪਲਾਈ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚੱਲ ਰਿਹਾ ਹੈ। ਪਰ ਪੰਜਾਬ ਸਰਕਾਰ 20 ਰੁਪਏ ’ਤੇ ਸੱਤ ਰੁਪਏ ਪ੍ਰਤੀ ਫੁੱਟ ਹੋਰ ਰਾਇਲਟੀ ਦੇ ਨਾਂ ਹੇਠ ਗੁੰਡਾ ਟੈਕਸ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ 20 ਰੁਪਏ ਰੇਤ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ ਜਿਸ ਨਾਲ ਨਿਰਮਾਣ ਕਾਰਜ ਕਾਫੀ ਮਹਿੰਗੇ ਹੋ ਗਏ ਹਨ। ਹੁਣ ਸੱਤ ਰੁਪਏ ਹੋਰ ਰਾਇਲਟੀ ਲੱਗਣ ਨਾਲ 27 ਰੁਪਏ ਰੇਤ ਲੈਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਏਗਾ। ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਹੈ ਕਿ ਉਹ ਉਨ੍ਹਾਂ ਦੇ ਬਿੱਲਾਂ ਦੀ ਜਾਂਚ ਕਰ ਸਕਦੇ ਹਨ ਜਿਸ ਤੋਂ ਸਪਸ਼ਟ ਪਤਾ ਲੱਗ ਜਾਏਗਾ ਕਿ ਉਹ ਪੂਰਾ ਟੈਕਸ ਭਰਨ ਮਗਰੋਂ ਹੀ ਮਾਲ ਲੈ ਕੇ ਆਉਂਦੇ ਹਨ।
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋ ਰਹੀ ਹੈ ਕਾਰਵਾਈ: ਐੱਸਡੀਓ
ਇਸ ਸਬੰਧੀ ਗੱਲ ਕਰਨ ’ਤੇ ਮਾਈਨਿੰਗ ਵਿਭਾਗ ਦੇ ਐਸਡੀਓ ਲਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੰਘੀ ਰਾਤ ਹਰਿਆਣਾ ਤੋਂ ਮਾਲ ਲਿਆ ਰਹੇ ਟਿੱਪਰਾਂ ਦੀ ਜਾਂਚ ਕੀਤੀ ਤਾਂ ਦੋ ਵੱਖ ਵੱਖ ਟਿੱਪਰਾਂ ਤੋਂ 10345 ਰੁਪਏ ਅਤੇ 5250 ਰੁਪਏ ਰਾਇਲਟੀ ਵਸੂਲ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਕਈਂ ਵਾਰ ਚਾਲਕ ਨਕਲੀ ਬਿੱਲ ’ਤੇ ਮਾਲ ਲਿਆ ਕੇ ਸਰਕਾਰ ਨੂੰ ਚੂਨਾ ਲਾਉਂਦੇ ਹਨ ਜਿਸ ਦੀ ਜਾਂਚ ਹੁੰਦੀ ਰਹੇਗੀ।