ਜਗਮੋਹਨ ਸਿੰਘ
ਰੂਪਨਗਰ, 16 ਅਗਸਤ
ਬੀਤੀ ਰਾਤ ਖਣਨ ਮੰਤਰੀ ਦੇ ਜ਼ਿਲ੍ਹੇ ਰੂਪਨਗਰ ਦੇ ਪਿੰਡ ਚੈੜੀਆਂ ਵਿੱਚ ਗਰੈਵਲ ਦਾ ਭਰਿਆ ਟਿੱਪਰ ਪਲਟਣ ਦੀ ਘਟਨਾ ਨੇ ਪੰਜਾਬ ਵਿੱਚ ਗ਼ੈਰਕਾਨੂੰਨੀ ਖਣਨ ਬੰਦ ਹੋਣ ਦੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਚੈੜੀਆਂ ਨਿਵਾਸੀ ਕਿਸਾਨ ਆਗੂ ਸੁਰਿੰਦਰ ਸਿੰਘ, ਨੈਬ ਸਿੰਘ ਅਕਾਲੀ, ਆਪ ਆਗੂ ਬਲਵਿੰਦਰ ਸਿੰਘ, ਕਾਂਗਰਸੀ ਆਗੂ ਰੁਪਿੰਦਰ ਸਿੰਘ ਰਾਜੂ, ਗੁਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਦੀ ਸਾਰੀ ਰਾਤ ਗੈਰਕਾਨੂੰਨੀ ਖਣਨ ਸਮੱਗਰੀ ਦੇ ਭਰੇ ਤੇਜ਼ ਟਿੱਪਰ ਦੌੜਦੇ ਰਹਿੰਦੇ ਹਨ ਜਿਨ੍ਹਾਂ ਕਾਰਨ ਪਿੰਡ ਵਿੱਚ ਹਰ ਸਮੇਂ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 30 ਸਤੰਬਰ ਤੱਕ ਸੂਬੇ ਦੀਆਂ ਨਦੀਆਂ ਤੇ ਦਰਿਆਵਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਨਿਕਾਸੀ ’ਤੇ ਪਾਬੰਦੀ ਲਗਾਈ ਹੋਈ ਹੈ, ਪਰ ਅੱਜ ਸਵੇਰੇ ਪਿੰਡ ਵਾਸੀਆਂ ਨੇ ਦੇਖਿਆ ਕਿ ਉਨ੍ਹਾਂ ਦੇ ਪਿੰਡ ਦੀ ਫਿਰਨੀ ਨੇੜੇ ਇਕ ਟਿੱਪਰ ਪਲਟਿਆ ਹੋਇਆ ਸੀ, ਜਿਸ ਵਿਚ ਗਰੈਵਰ ਲੱਦਿਆ ਹੋਇਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਸੂਚਨਾ ਦੇਣ ’ਤੇ ਥਾਣਾ ਸਿੰਘ ਭਗਵੰਤਪੁਰ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਈ ਪਰ ਖਣਨ ਵਿਭਾਗ ਦੇ ਅਧਿਕਾਰੀਆਂ ਨੇ ਟਿੱਪਰ ਵਿਰੁੱਧ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ। ਪਿੰਡ ਵਾਸੀਆਂ ਨੇ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਭਾਰੀ ਭਰਕਮ ਟਿੱਪਰਾਂ ਤੋਂ ਪੱਕੇ ਤੌਰ ’ਤੇ ਨਿਜਾਤ ਦਿਵਾਈ ਜਾਵੇ।
ਕੀ ਕਹਿੰਦੇ ਨੇ ਖਣਨ ਵਿਭਾਗ ਦੇ ਜੇਈ
ਇਸ ਸਬੰਧੀ ਜੇ.ਈ. ਜਲ ਨਿਕਾਸ ਕਮ ਖਣਨ ਵਿਭਾਗ ਰੂਪਨਗਰ ਅਕਸ਼ਿਤ ਬਾਂਸਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਟਿੱਪਰ ਮਾਲਕ ਤੋਂ ਪ੍ਰਾਪਤ ਦਸਤਾਵੇਜ਼ਾਂ ਅਨੁਸਾਰ ਉਕਤ ਟਿੱਪਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਰੈਲ ਬਰਾਮਦ ਖੱਡ ਤੋਂ ਭਰ ਕੇ ਆਇਆ ਸੀ ਤੇ ਇਹ ਟਿੱਪਰ ਮੁਹਾਲੀ ਜਾ ਰਿਹਾ ਸੀ ਤੇ ਦਸਤਾਵੇਜ਼ ਖਣਨ ਕਾਨੂੰਨ ਮੁਤਾਬਕ ਸਹੀ ਹੋਣ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਉਕਤ ਟਿੱਪਰ ਕੌਮੀ ਮਾਰਗ ਤੋਂ ਗੁਜ਼ਰਨ ਦੀ ਬਜਾਏ 5-6 ਕਿਲੋਮੀਟਰ ਦੂਰ ਪਿੰਡ ਵਿੱਚ ਕਿਵੇਂ ਪਹੁੰਚ ਗਿਆ ਤਾਂ ਉਹ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇ ਸਕੇ।