ਜਗਮੋਹਨ ਸਿੰਘ
ਰੂਪਨਗਰ, 6 ਮਈ
ਖਣਨ ਅਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਪਣੇ ਜ਼ਿਲ੍ਹੇ ਰੂਪਨਗਰ ਦੇ ਲੋਕਾਂ ਨੂੰ ਸ਼ਨੀਵਾਰ ਤੋਂ ਅੱਧੀ ਦਰਜਨ ਥਾਵਾਂ ਤੋਂ ਰੇਤਾ ਅਤੇ ਗਰੈਵਲ ਮਿਲਣਾ ਸ਼ੁਰੂ ਹੋ ਜਾਵੇਗਾ। ਖਣਨ ਠੇਕੇਦਾਰ ਅਤੇ ਜਲ ਨਿਕਾਸ ਵਿਭਾਗ ਵਿਚਕਾਰ ਪਿਛਲੀ ਬਕਾਇਆ ਰਹਿੰਦੀ ਰਕਮ ਨੂੰ ਲੈ ਕੇ ਚੱਲਿਆ ਆ ਰਿਹਾ ਰੇੜਕਾ ਅੱਜ ਠੇਕੇਦਾਰ ਰਾਕੇਸ਼ ਕੁਮਾਰ ਚੌਧਰੀ ਵੱਲੋਂ ਵਿਭਾਗ ਕੋਲ 5 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਉਣ ਉਪਰੰਤ ਖ਼ਤਮ ਹੋ ਗਿਆ ਹੈ ਅਤੇ ਖਣਨ ਵਿਭਾਗ ਨੇ ਠੇਕੇਦਾਰ ਦਾ ਮੁਅੱਤਲ ਕੀਤਾ ਲਾਇਸੈਂਸ ਬਹਾਲ ਕਰ ਦਿੱਤਾ ਹੈ। ਠੇਕੇਦਾਰ ਦੁਆਰਾ ਬਕਾਇਆ ਰਹਿੰਦੀ ਰਕਮ ਜਮ੍ਹਾਂ ਕਰਵਾਏ ਜਾਣ ਦੀ ਪੁਸ਼ਟੀ ਕਰਦਿਆਂ ਕਾਰਜਕਾਰੀ ਇੰਜਨੀਅਰ ਜਲ ਨਿਕਾਸ-ਕਮ-ਖਣਨ ਮੰਡਲ ਰੂਪਨਗਰ ਸਰਤਾਜ ਸਿੰਘ ਰੰਧਾਵਾ ਅਤੇ ਸਹਾਇਕ ਕਾਰਜਕਾਰੀ ਇੰਜਨੀਅਰ ਜਲ ਨਿਕਾਸ ਕਮ ਖਣਨ ਉਪ ਮੰਡਲ ਨੰਗਲ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਖਣਨ ਠੇਕੇਦਾਰ ਰਾਕੇਸ਼ ਕੁਮਾਰ ਚੌਧਰੀ ਨੇ 5 ਕਰੋੜ ਰੁਪਏ ਦੀ ਰਕਮ ਅੱਜ ਜਮ੍ਹਾਂ ਕਰਵਾ ਦਿੱਤੀ ਹੈ ਅਤੇ ਉਸ ਨੂੰ 1 ਕਰੋੜ 24 ਲੱਖ ਰੁਪਏ ਜਮ੍ਹਾ ਕਰਵਾਉਣ ਲਈ 15 ਦਿਨ ਅਤੇ ਬਕਾਇਆ ਰਹਿੰਦੀ ਸਾਰੀ ਰਕਮ ਜਮ੍ਹਾ ਕਰਵਾਉਣ ਲਈ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 7 ਮਈ ਤੋਂ ਰੂਪਨਗਰ ਜ਼ਿਲ੍ਹੇ ਦੀਆਂ ਬੜੀ ਹਵੇਲੀ, ਸ੍ਰੀ ਅਨੰਦਪੁਰ ਸਾਹਿਬ, ਕੋਟਬਾਲਾ-ਆਸਪੁਰ, ਰਸੀਦਪੁਰ ਤੋਂ ਇਲਾਵਾ ਨੰਗਲ ਦੀਆਂ 2 ਖੱਡਾਂ/ਡੀ-ਸਿਲਟਿੰਗ ਸਾਈਟਾਂ ’ਤੇ ਰੇਤਾ/ਗਰੈਵਲ ਦੀ ਨਿਕਾਸੀ ਦਾ ਕੰਮ ਸ਼ੁਰੂ ਹੋ ਜਾਵੇਗਾ। ਦੱਸਣਯੋਗ ਹੈ ਕਿ ਠੇਕੇਦਾਰ ਵੱਲੋਂ ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਅੰਦਰ ਖਣਨ ਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਸੀ। ਉਧਰ ਰੂਪਨਗਰ ਅਤੇ ਮੁਹਾਲੀ ਜ਼ਿਲ੍ਹਿਆਂ ਅੰਦਰ ਖਣਨ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਜਾਣ ਉਪਰੰਤ ਟਿੱਪਰ ਚਾਲਕਾਂ ਨੇ ਰੂਪਨਗਰ ਨੇੜੇ ਸਤਲੁਜ ਦਰਿਆ ਵਿੱਚ ਸਥਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਰੈਲ ਬਰਾਮਦ ਖੱਡ ਵੱਲ ਵਹੀਰਾਂ ਘੱਤ ਦਿੱਤੀਆਂ ਸਨ।