ਮਿਹਰ ਸਿੰਘ
ਕੁਰਾਲੀ, 19 ਮਈ
ਸ਼ਹਿਰ ਦੀ ਕੌਮੀ ਮਾਰਗ ’ਤੇ ਸਥਿੱਤ ਪੈਟਰੋਲ ਪੰਪ ਦੇ ਮੈਨੇਜਰ ਕੋਲੋਂ ਕਾਰ ਸਵਾਰ ਲੁਟੇਰੇ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਪਡਿਆਲਾ ਬਾਈਪਾਸ ’ਤੇ ਸਥਿੱਤ ਪੈਟਰੋਲ ਪੰਪ ਦਾ ਮੈਨੇਜਰ ਨਾਲ ਲੁੱਟਖੋਹ ਦੀ ਇਹ ਵਾਰਦਤ ਦੁਪਹਿਰ ਵੇਲੇ ਉਸ ਸਮੇਂ ਵਾਪਰੀ ਜਦੋਂ ਉਹ ਨਗਦੀ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਮੈਨੇਜਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ’ਤੇ ਪੈਂਦੇ ਇੱਕ ਬੈਂਕ ਵਿਚ ਕਰੀਬ ਦੋ ਲੱਖ ਚਾਰ ਹਜ਼ਾਰ ਪੰਜ ਸੌ ਰੁਪਏ ਦੀ ਨਗਦੀ ਜਮ੍ਹਾਂ ਕਰਵਾਉਣ ਲਈ ਮੋਟਰ ਸਾਈਕਲ ’ਤੇ ਜਾ ਰਿਹਾ ਸੀ। ਇਸੇ ਦੌਰਾਨ ਉਹ ਕੁਝ ਦੂਰੀ ਤੱਕ ਹੀ ਗਿਆ ਸੀ ਕਿ ਖਰੜ ਵਲੋਂ ਆ ਰਹੀ ਇੱਕ ਕਾਰ ਉਸ ਕੋਲ ਆ ਕੇ ਰੁਕੀ ਅਤੇ ਉਸ ਵਿਚੋਂ ਉਤਰੇ ਵਿਅਕਤੀਆਂ ਨੇ ਬੇਸਬਾਲ ਤੇ ਰਾਡ ਨਾਲ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਪਹਿਲਾਂ ਉਸ ਦੀ ਜੇਬ ਵਿਚੋਂ ਮੋਬਾਈਲ ਫੋਨ ਕੱਢ ਲਿਆ ਅਤੇ ਫਿਰ ਨਗਦੀ ਵਾਲਾ ਬੈਗ ਵੀ ਖੋਹ ਲਿਆ। ਇਸ ਮਗਰੋਂ ਉਹ ਰੋਪੜ ਵਾਲੀ ਸਾਈਡ ਨੂੰ ਕਾਰ ਭਜਾ ਕੇ ਫਰਾਰ ਹੋ ਗਏ। ਘਟਨਾ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ। ਸਥਾਨਕ ਸਿਟੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।