ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 4 ਦਸੰਬਰ
ਇੱਥੋਂ ਦੀ ਪ੍ਰੀਤ ਕਲੋਨੀ ਵਿੱਚ ਘਰ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲੈ ਗਏ। ਪੁਲੀਸ ਨੇ ਸ਼ਿਕਾਇਤ ਮਿਲਣ ’ਤੇ ਮੌਕੇ ਦਾ ਦੌਰਾ ਕੀਤਾ ਅਤੇ ਚੋਰੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਉੱਤਮ ਸਿੰਗਲਾ ਵਾਸੀ ਪ੍ਰੀਤ ਕਲੋਨੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ ਨੂੰ ਤਾਲਾ ਲਾ ਕੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਸ਼ਾਮ ਨੂੰ ਜਦ ਘਰ ਵਾਪਸ ਆਇਆ ਤਾਂ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਮਕਾਨ ਮਾਲਕ ਉੱਤਮ ਸਿੰਗਲਾ ਨੇ ਦੱਸਿਆ ਕਿ ਘਰ ਵਿੱਚ ਪਏ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ, ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ।