ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 7 ਅਗਸਤ
ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਕੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਕਾਫ਼ੀ ਸਮਾਂ ਪਹਿਲਾਂ ਉੱਚ ਸਿੱਖਿਆ ਹਾਸਲ ਕਰਨ ਲਈ ਪਿੰਡ ਤੋਂ ਚੰਡੀਗੜ੍ਹ ਆਇਆ ਸੀ। ਉਹ ਕੁੱਝ ਸਮਾਂ ਚੰਡੀਗੜ੍ਹ ਵਿੱਚ ਰਹਿੰਦਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਾਈ ਸਮੇਂ ਉਹ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਵੀ ਰਿਹਾ। ਇਸ ਦੌਰਾਨ ਉਸ ਦੀ ਮੁਲਾਕਾਤ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਨਾਲ ਹੋ ਗਈ। ਰੋਮਾਣਾ ਕਰਕੇ ਵਿੱਕੀ ਤੇ ਉਸ ਦੇ ਵੱਡੇ ਭਰਾ ਅਜੈਪਾਲ ਸਿੰਘ, ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਦੇ ਨੇੜੇ ਆ ਗਿਆ। ਬਾਅਦ ਉਸ ਨੂੰ ਐਸਆਈਓ ਦਾ ਪ੍ਰਧਾਨ ਬਣਾ ਦਿੱਤਾ ਗਿਆ। ਕਰੀਬ ਦੋ ਕੁ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਜਦਕਿ ਵੱਡੇ ਭਰਾ ਅਜੈਪਾਲ ਨੇ ਹਾਲੇ ਤੀਕ ਵਿਆਹ ਨਹੀਂ ਕਰਵਾਇਆ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਮੁਹਾਲੀ ਵਿੱਚ ਰਹਿ ਰਿਹਾ ਸੀ। ਪਹਿਲਾਂ ਉਹ ਸੈਕਟਰ-68 ਵਿੱਚ ਰਹਿੰਦੇ ਸੀ ਤੇ ਮੌਜੂਦਾ ਸਮੇਂ ਉਹ ਆਪਣੇ ਵੱਡੇ ਭਰਾ ਅਜੈਪਾਲ ਨਾਲ ਇੱਥੋਂ ਦੇ ਸੈਕਟਰ-71 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਇਹ ਦੋਵੇਂ ਭਰਾ ਮੁਹਾਲੀ ਵਿੱਚ ਰੀਅਲ ਅਸਟੇਟ ਦਾ ਕੰਮ ਕਰਦੇ ਸਨ। ਇਸੇ ਸਾਲ ਹੋਈ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਇੱਥੋਂ ਦੇ ਵਾਰਡ ਨੰਬਰ-38 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਸੀਨੀਅਰ ਯੂਥ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨੂੰ ਚੋਣ ਲੜਾਈ ਗਈ, ਪਰ ਉਹ ਚੋਣ ਹਾਰ ਗਏ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਸਮਾਣਾ ਚੋਣ ਜਿੱਤ ਗਏ ਸੀ।
ਮੌਕੇ ’ਤੇ ਕੰਮ ਨਾ ਆਇਆ ਮਿੱਡੂਖੇਡਾ ਦਾ ਪਿਸਤੌਲ
ਉਧਰ ਸੂਤਰਾਂ ਦੀ ਜਾਣਕਾਰੀ ਅਨੁਸਾਰ ਵਿੱਕੀ ਮਿੱਡੂਖੇੜਾ ਕੋਲ ਵੀ ਹਥਿਆਰ ਸੀ, ਪਰ ਅੱਜ ਮੌਕੇ ’ਤੇ ਉਸ ਦਾ ਹਥਿਆਰ ਵੀ ਕੰਮ ਨਹੀਂ ਆਇਆ। ਦੱਸਿਆ ਗਿਆ ਹੈ ਕਿ ਵਿੱਕੀ ਦਾ ਪਿਸਤੌਲ ਗੱਡੀ ਵਿੱਚ ਹੀ ਪਿਆ ਸੀ, ਜਦੋਂ ਉਸ ’ਤੇ ਫਾਇਰਿੰਗ ਹੋਈ ਤਾਂ ਅਚਾਨਕ ਤਾਕੀ ਖੋਲ੍ਹ ਕੇ ਬਾਹਰ ਵੱਲ ਭੱਜ ਨਿਕਲਿਆ ਅਤੇ ਉਸ ਨੂੰ ਪਿਸਤੌਲ ਚੁੱਕਣ ਦਾ ਮੌਕਾ ਹੀ ਨਹੀਂ ਮਿਲਿਆ।
ਬਾਰਾਂ ਵਿੱਚੋਂ ਦਸ ਗੋਲੀਆਂ ਹੋਈਆਂ ਆਰ-ਪਾਰ
ਪੋਸਟ ਮਾਰਟਮ ਵਿੱਚ ਪਤਾ ਲੱਗਾ ਕਿ ਵਿੱਕੀ ਮਿੱਡੂਖੇੜਾ ਦੇ 12 ਗੋਲੀਆਂ ਲੱਗੀਆਂ ਸਨ, ਪਰ ਡਾਕਟਰਾਂ ਨੂੰ ਸਰੀਰ ’ਚੋਂ ਸਿਰਫ਼ ਦੋ ਗੋਲੀਆਂ ਮਿਲੀਆਂ ਹਨ, ਜਦਕਿ 10 ਗੋਲੀਆਂ ਸਰੀਰ ’ਚੋਂ ਆਰ-ਪਾਰ ਹੋ ਗਈਆਂ। ਡਾਕਟਰ ਨੇ ਦੱਸਿਆ ਕਿ ਇਕ ਗੋਲੀ ਰੀੜ੍ਹ ਦੀ ਹੱਡੀ ਨੇੜਿਓਂ ਲੱਕ ਦੇ ਉਪਰਲੇ ਹਿੱਸੇ ’ਚੋਂ ਮਿਲੀ ਹੈ, ਜਦਕਿ ਦੂਜੀ ਗੋਲੀ ਖੱਬੇ ਪੱਟ ’ਚ ਵੱਜੀ ਸੀ, ਜੋ ਘੁੰਮ ਕੇ ਗੋਡੇ ਤੱਕ ਪਹੁੰਚ ਗਈ। ਇਹ ਗੋਲੀ ਵੀ ਕੱਢ ਲਈ ਗਈ ਹੈ।
ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਵਾਂਗੇ: ਚੰਦੂਮਾਜਰਾ
ਐਸਏਐਸ ਨਗਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਐੱਸਓਆਈ) ਕੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦੀ ਹੱਤਿਆ ਮਗਰੋਂ ਉਨ੍ਹਾਂ ਦੀ ਰਿਹਾਇਸ਼ੀ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅਕਾਲੀ ਦਲ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਤੋਂ ਸਪੱਸ਼ਟ ਹੈ ਕਿ ਨੌਜਵਾਨ ਦਾ ਮਿੱਥ ਕੇ ਕਤਲ ਕੀਤਾ ਗਿਆ ਹੈ। ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਸ੍ਰੀ ਚੰਦੂਮਾਜਰਾ ਨੇ ਐੱਸਐੱਸਪੀ ਨਾਲ ਵੀ ਗੱਲਬਾਤ ਕੀਤੀ ਅਤੇ ਹਮਲਾਵਰਾਂ ਨੂੰ ਫੜ ਕੇ ਸਖ਼ਤ ਸਜਾਵਾਂ ਦਿਵਾਉਣ ਦੀ ਅਪੀਲ ਕੀਤੀ।