ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਜੂਨ
ਪਹਿਲੀ ਜੁਲਾਈ ਤੋਂ ਯੂਟੀ ਦੇ ਸਾਰੇ ਸਰਕਾਰੀ ਸਕੂਲ ਖੁੱਲ੍ਹਣ ਜਾ ਰਹੇ ਹਨ ਤੇ ਇਸੇ ਦਿਨ ਤੋਂ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਬੱਚਿਆਂ ਦੀ ਪਸੰਦ ਅਨੁਸਾਰ ਖਾਣਾ ਤਿਆਰ ਕਰਵਾਉਣ। ਭਾਵੇਂ ਕਿ ਸਰਕਾਰੀ ਸਕੂਲ ਪਹਿਲੀ ਜੁਲਾਈ ਤੋਂ ਖੁੱਲ੍ਹ ਰਹੇ ਹਨ ਪਰ ਮੀਂਹ ਕਾਰਨ ਪਹਿਲੇ ਦਿਨ ਬੱਚਿਆਂ ਦੀ ਹਾਜ਼ਰੀ ਘੱਟ ਹੀ ਰਹਿਣ ਦਾ ਅਨੁਮਾਨ ਹੈ, ਇਸ ਕਰ ਕੇ ਕਿਹੜੀ ਕਿਸਮ ਦਾ ਖਾਣਾ ਪਹਿਲੇ ਦਿਨ ਤਿਆਰ ਕਰਨਾ ਹੈ ਇਸ ਬਾਰੇ ਫ਼ੈਸਲਾ ਸਕੂਲ ਮੁਖੀ ਹੀ ਲੈਣਗੇ ਪਰ ਸਕੂਲਾਂ ਨੂੰ ਇਹ ਜ਼ਰੂਰ ਕਿਹਾ ਗਿਆ ਹੈ ਕਿ ਉਹ ਪਹਿਲੇ ਦਿਨ ਬੱਚਿਆਂ ਲਈ ਮਿੱਠੇ ਚੌਲ ਜਾਂ ਕੜਾਹ ਤਿਆਰ ਕਰਵਾਉਣ।
ਮਿਲੀ ਜਾਣਕਾਰੀ ਅਨੁਸਾਰ ਕਰੋਨਾ ਮਹਾਮਾਰੀ ਕਾਰਨ ਮਾਰਚ 2020 ਤੋਂ ਬਾਅਦ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਬੰਦ ਹੋ ਗਿਆ ਸੀ ਅਤੇ ਕੇਂਦਰ ਦੀ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਦਾਲਾਂ ਤੇ ਹੋਰ ਸਮੱਗਰੀ ਕੱਚੀ ਹੀ ਮੁਹੱਈਆ ਕਰਵਾਈ ਜਾ ਰਹੀ ਸੀ। ਇਸ ਤੋਂ ਬਾਅਦ ਸਿੱਖਿਆ ਸਕੱਤਰ ਵੱਲੋਂ ਡਾਇਰੈਕਟਰ ਸਿਹਤ ਤੇ ਹੋਰ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਮਿੱਡ-ਡੇਅ ਮੀਲ ਸ਼ੁਰੂ ਕਰਨ ਦੀ ਪ੍ਰਵਾਨਗੀ ਮੰਗੀ ਗਈ। ਸਿਹਤ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਸਕੂਲਾਂ ਵਿੱਚ ਅਧਿਆਪਕਾਂ ਦਾ ਕਰੋਨਾ ਟੀਕਾਕਰਨ ਹੋ ਗਿਆ ਹੈ, ਇਸ ਕਰ ਕੇ ਇਹ ਯੋਜਨਾ ਸ਼ੁਰੂ ਕੀਤੀ ਜਾਵੇ। ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸ਼ਹਿਰ ਦੇ 116 ਸਰਕਾਰੀ ਸਕੂਲਾਂ ਦੇ 1.16 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਦੇਣ ਦੀ ਯੋਜਨਾ ਹੈ।
ਸਕੂਲ ਮੈਨੇਜਮੈਂਟ ਕਮੇਟੀਆਂ ਜਾਂਚਣਗੀਆਂ ਖਾਣੇ ਦਾ ਮਿਆਰ
ਮਿੱਡ-ਡੇਅ ਮੀਲ ਸ਼ੁਰੂ ਕਰਨ ਲਈ ਸਕੂਲ ਮੁਖੀਆਂ ਨੇ ਸਕੂਲ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਮੇਟੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਰੋਜ਼ਾਨਾ ਸਕੂਲ ਆ ਕੇ ਖਾਣੇ ਦਾ ਮਿਆਰ ਚੈੱਕ ਕਰਨ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲ ਪਹਿਲੀ ਜੁਲਾਈ ਤੋਂ ਖੁੱਲ੍ਹ ਰਹੇ ਹਨ ਪਰ ਪਹਿਲੇ ਦਿਨ ਮੀਂਹ ਕਾਰਨ ਹਾਜ਼ਰੀ ਘੱਟ ਰਹਿਣ ਦੀ ਸੰਭਾਵਨਾ ਹੈ, ਇਸ ਵਾਸਤੇ ਸਕੂਲ ਮੁਖੀ ਵਿਦਿਆਰਥੀਆਂ ਦੀ ਹਾਜ਼ਰੀ ਦੇਖ ਕੇ ਹੀ ਖਾਣਾ ਤਿਆਰ ਕਰਵਾਉਣਗੇ ਪਰ ਸੋਮਵਾਰ 4 ਜੁਲਾਈ ਤੋਂ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਲਈ ਖਾਣਾ ਤਿਆਰ ਕਰਵਾਇਆ ਜਾਵੇਗਾ।