ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਜੁਲਾਈ
ਚੰਡੀਗੜ੍ਹ ਯੂਟੀ ਦੀਆਂ ਕਈ ਮਿੱਡ-ਡੇਅ ਮੀਲ ਰਸੋਈਆਂ ਦੇ ਨਾਲ ਦੇ ਸਕੂਲਾਂ ਨੂੰ ਮਿੱਡ-ਡੇਅ ਮੀਲ ਨਹੀਂ ਮਿਲ ਰਿਹਾ ਹੈ। ਇਨ੍ਹਾਂ ਮਿੱਡ-ਡੇਅ ਮੀਲ ਰਸੋਈਆਂ ਵੱਲੋਂ ਵਿਦਿਆਰਥੀਆਂ ਨੂੰ ਖਾਣਾ ਉਦੋਂ ਭੇਜਿਆ ਜਾਂਦਾ ਹੈ ਜਦੋਂ ਸਕੂਲ ਦੇ ਵਿਦਿਆਰਥੀਆਂ ਦੀ ਛੁੱਟੀ ਹੋ ਜਾਂਦੀ ਹੈ ਜਿਸ ਕਾਰਨ ਸਕੂਲ ਸਟਾਫ ਤੇ ਵਿਦਿਆਰਥੀ ਪ੍ਰੇਸ਼ਾਨ ਹਨ। ਦੂਜੇ ਪਾਸੇ ਯੂਟੀ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਸਬੰਧੀ ਸਭ ਤੋਂ ਵੱਧ ਸਮੱਸਿਆ ਮਲੋਆ ਦੇ ਚਾਰ ਸਰਕਾਰੀ ਸਕੂਲਾਂ ਵਿੱਚ ਪੇਸ਼ ਆਈ ਜਿੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-15 ’ਚੋਂ ਖਾਣਾ ਆਉਂਦਾ ਹੈ। ਆਮ ਤੌਰ ’ਤੇ ਸਾਰੇ ਸਕੂਲਾਂ ਵਿੱਚ ਮਿੱਡ-ਡੇਅ ਮੀਲ ਅੱਧੀ ਛੁੱਟੀ ਵੇਲੇ ਦਿੱਤਾ ਜਾਂਦਾ ਹੈ ਪਰ ਇੱਥੇ ਕਈ ਦਿਨਾਂ ਤੋਂ ਮਿੱਡ-ਡੇਅ ਮੀਲ ਉਸ ਵੇਲੇ ਆਉਂਦਾ ਹੈ ਜਦੋਂ ਵਿਦਿਆਰਥੀ ਛੁੱਟੀ ਕਰਨ ਵਾਲੇ ਹੁੰਦੇ ਹਨ ਜਾਂ ਛੁੱਟੀ ਕਰ ਕੇ ਘਰਾਂ ਨੂੰ ਜਾ ਚੁੱਕੇ ਹੁੰਦੇ ਹਨ।
ਪ੍ਰਸ਼ਾਸਨ ਨੇ ਕਰੋਨਾ ਕਾਰਨ ਪਿਛਲੇ ਦੋ ਸਾਲਾਂ ਤੋਂ ਬੰਦ ਮਿੱਡ-ਡੇਅ ਮੀਲ ਹੁਣ ਸ਼ੁਰੂ ਕੀਤਾ ਹੈ। ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਰੋਜ਼ਾਨਾ ਕਰੀਬ ਇਕ ਲੱਖ ਵਿਦਿਆਰਥੀਆਂ ਲਈ ਖਾਣਾ ਤਿਆਰ ਕਰਵਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਟਕੋ ਦੇ ਹੋਟਲ ਸ਼ਿਵਾਲਿਕ ਵਿਊ, ਚੰਡੀਗੜ੍ਹ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਸੈਕਟਰ-42 ਅਤੇ ਅੰਬੇਦਕਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਸੈਕਟਰ-42 ਤੋਂ ਖਾਣਾ ਤਿਆਰ ਕਰਵਾਇਆ ਜਾਂਦਾ ਸੀ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੀਆਂ ਸੱਤ ਵੱਡੀਆਂ ਰਸੋਈਆਂ ਵੀ ਵਿਦਿਆਰਥੀਆਂ ਲਈ ਖਾਣਾ ਤਿਆਰ ਕਰਦੀਆਂ ਸਨ ਪਰ ਵਿਭਾਗ ਨੇ ਸ਼ਿਵਾਲਿਕ ਵਿਊ ਤੇ ਮੈਨੇਜਮੈਂਟ ਅਦਾਰਿਆਂ ਤੋਂ ਖਾਣਾ ਮੰਗਵਾਉਣਾ ਬੰਦ ਕਰ ਦਿੱਤਾ ਹੈ ਅਤੇ ਆਪਣੇ ਸਕੂਲਾਂ ਵਿੱਚ ਹੋਰ ਅੱਠ ਰਸੋਈਆਂ ਬਣਾ ਦਿੱਤੀਆਂ ਜਿਨ੍ਹਾਂ ਨੂੰ ਨੇੜਲੇ ਸਕੂਲਾਂ ਵਿੱਚ ਵੀ ਖਾਣਾ ਸਪਲਾਈ ਕਰਨ ਦੇ ਹੁਕਮ ਦਿੱਤੇ ਗਏ ਹਨ।
ਕੰਮ ਦੇ ਵਾਧੂ ਬੋਝ ਕਾਰਨ ਹੋ ਰਹੀ ਦੇਰੀ
ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਇਕ ਮਿੱਡ-ਡੇਅ ਮੀਲ ਰਸੋਈ ਚਾਰ ਸਕੂਲਾਂ ਨੂੰ ਖਾਣਾ ਭੇਜਦੀ ਸੀ ਪਰ ਹੁਣ ਇਕ ਰਸੋਈ ਅੱਠ ਦੇ ਕਰੀਬ ਸਕੂਲਾਂ ਦੇ ਵਿਦਿਆਰਥੀਆਂ ਲਈ ਖਾਣਾ ਭੇਜ ਰਹੀ ਹੈ। ਮਿੱਡ-ਡੇਅ ਮੀਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖਾਣਾ ਦੇਰੀ ਨਾਲ ਭੇਜਣ ਦਾ ਕਾਰਨ ਸਕੂਲਾਂ ਲਈ ਵੱਧ ਖਾਣਾ ਤਿਆਰ ਕਰਵਾਉਣਾ ਹੈ। ਇਨ੍ਹਾਂ ਸਕੂਲਾਂ ਵਿੱਚ ਖਾਣਾ ਤਿਆਰ ਕਰਨ ਵਾਲੇ ਕਰਮਚਾਰੀ ਸਵੇਰੇ 6 ਵਜੇ ਆਉਂਦੇ ਹਨ ਤੇ ਸ਼ਾਮ ਨੂੰ 5 ਵਜੇ ਤੱਕ ਵਿਹਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਖਾਣਾ ਦੇਰ ਨਾਲੀ ਪਹੁੰਚਣ ਦੀ ਸਮੱਸਿਆ ਜਲਦੀ ਹੱਲ ਕੀਤੀ ਜਾਵੇਗੀ।ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਕੂਲਾਂ ਵਿੱਚ ਖਾਣਾ ਦੇਰੀ ਨਾਲ ਪੁੱਜਣ ਦੀ ਸਮੱਸਿਆ ਦਾ ਪਤਾ ਲੱਗਿਆ ਹੈ। ਉਨ੍ਹਾਂ ਸੈਕਟਰ-15 ਦੇ ਸਕੂਲ ਦੀ ਪ੍ਰਿੰਸੀਪਲ ਨੂੰ ਮਲੋਆ ਦੇ ਸਕੂਲਾਂ ਵਿੱਚ ਜਲਦੀ ਖਾਣਾ ਭੇਜਣ ਅਤੇ ਰੂਟ ਬਦਲਣ ਲਈ ਕਿਹਾ ਹੈ।
ਸਾਰੰਗਪੁਰ ਦੇ ਸਕੂਲ ਦੀ ਕੰਧ ਡਿੱਗੀ
ਕਾਰਮਲ ਕਾਨਵੈਂਟ ਸਕੂਲ ਤੇ ਦੋ ਹੋਰ ਸਕੂਲਾਂ ਵਿੱਚ ਦਰੱਖਤ ਡਿੱਗਣ ਤੋਂ ਬਾਅਦ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਾਰੰਗਪੁਰ ਦੀ ਦਸ ਫੁੱਟ ਉੱਚੀ ਕੰਧ ਅਤੇ ਗਰਿੱਲਾਂ ਡਿੱਗ ਗਈਆਂ। ਕੰਧ ਡਿੱਗਣ ਕਾਰਨ ਕਿਸੇ ਦਾ ਨੁਕਸਾਨ ਨਾ ਹੋਣ ਦੀ ਸੂਚਨਾ ਮਿਲੀ ਹੈ। ਨਵੀਂ ਇਮਾਰਤ ਬਣਨ ਕਾਰਨ ਇਸ ਸਕੂਲ ਨੂੰ ਪਹਿਲਾਂ ਹੀ ਖਾਲੀ ਕਰਵਾਇਆ ਜਾ ਚੁੱਕਿਆ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੀਂਹ ਕਾਰਨ ਸ਼ਾਮ 7.15 ਵਜੇ ਇਸ ਸਕੂਲ ਵਿਚ ਕੰਧ ਡਿੱਗਣ ਬਾਰੇ ਜਾਣਕਾਰੀ ਮਿਲੀ ਹੈ।