ਚੰਡੀਗੜ੍ਹ, 30 ਜੁਲਾਈ
ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਅੱਜ ਪਏ ਮੀਂਹ ਮਗਰੋਂ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬੀਤੀ ਰਾਤ ਪਏ ਮੀਂਹ ਮਗਰੋਂ ਤਾਪਮਾਨ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਔਸਤ ਨਾਲੋਂ ਦੋ ਡਿਗਰੀ ਘੱਟ ਸੀ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ’ਚ ਦੋਵਾਂ ਸੂਬਿਆਂ ਦੇ ਕੁਝ ਹਿੱਸਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਅਸਾਮ ’ਚ ਹੜ੍ਹਾਂ ਦੀ ਸਥਿਤੀ ’ਚ ਸੁਧਾਰ ਆਇਆ ਹੈ ਜਦਕਿ ਅੱਜ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਿਸ ਨਾਲ ਹੁਣ ਤੱਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 108 ਹੋ ਗਈ ਹੈ।
-ਪੀਟੀਆਈ
ਉੱਤਰੀ ਬੰਗਾਲ ਵਿੱਚ ਭਾਰੀ ਮੀਂਹ ਦੀ ਸੰਭਾਵਨਾ
ਕੋਲਕਾਤਾ: ਮੌਸਮ ਵਿਭਾਗ ਨੇ ਉੱਤਰੀ ਬੰਗਾਲ ਵਿੱਚ ਅਗਲੇ ਤਿੰਨ ਦਿਨਾਂ ’ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਦੱਖਣੀ ਜ਼ਿਲ੍ਹਿਆਂ ’ਚ ਇੱਕ ਜਾਂ ਦੋ ਥਾਵਾਂ ’ਤੇ ਸ਼ਨਿਚਰਵਾਰ ਸਵੇਰ ਤੱਕ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਅੱਜ ਉੱਤਰੀ ਬੰਗਾਲ ਦੇ ਕੁਝ ਜ਼ਿਲ੍ਹਿਆਂ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਪਿਆ ਜਦਕਿ ਦੱਖਣੀ ਹਿੱਸੇ ਜ਼ਿਆਦਾਤਰ ਸੁੱਕਾ ਹੀ ਰਿਹਾ।
-ਪੀਟੀਆਈ