ਪੱਤਰ ਪ੍ਰੇਰਕ
ਚੰਡੀਗੜ੍ਹ, 10 ਅਗਸਤ
ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਮੰਗਾਂ ਸਬੰਧੀ ਵਾਈਸ ਚਾਂਸਲਰ ਦਫ਼ਤਰ ਅੱਗੇ ਸ਼ੁਰੂ ਕੀਤੇ ਗਏ ਧਰਨੇ ਵਿੱਚ ਅੱਜ ਪੰਜਾਬ ਰਾਜ ਅਨੁਸੂਚਿਤ (ਐੱਸ.ਸੀ.) ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਤੇ ਪ੍ਰਭਦਿਆਲ ਨੇ ਵੀ ਪਹੁੰਚ ਕੇ ਵਿਦਿਆਰਥੀਆਂ ਦੀ ਗੱਲ ਸੁਣੀ। ਇਸ ਮੌਕੇ ਹੋਰ ਵੱਖ-ਵੱਖ ਜਥੇਬੰਦੀਆਂ ਸੀ.ਟੀ.ਯੂ. (ਐੱਸ.ਸੀ./ਐੱਸ.ਟੀ./ਬੀ.ਸੀ.) ਕਰਮਚਾਰੀ ਐਸੋਸੀਏਸ਼ਨਾਂ ਅਤੇ ਗੁਰੂ ਰਵਿਦਾਸ ਸਭਾ ਅਤੇ ਕਰਮਚਾਰੀ ਐਸੋਸੀਏਸ਼ਨ ਦੇ ਮੈਂਬਰਾਂ, ਗੁਰੂ ਰਵਿਦਾਸ ਸਭਾ ਸੈਕਟਰ-30 ਤੋਂ ਓ.ਪੀ.ਚੋਪੜਾ, ਡਾ. ਬੀਆਰ ਅੰਬੇਦਕਰ ਮਿਸ਼ਨਰੀ ਵੈੱਲਫੇਅਰ ਐਸੋਸੀਏਸ਼ਨ ਮੁਹਾਲੀ ਦੀ ਪ੍ਰਧਾਨ ਗੁਰਦੀਪ ਕੌਰ ਵੀ ਆਪਣੀ ਟੀਮ ਨਾਲ ਧਰਨੇ ਵਿੱਚ ਪਹੁੰਚੇ। ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਦੇ ਚੇਅਰਮੈਨ ਗੁਰਦੀਪ ਸਿੰਘ, ਪ੍ਰਧਾਨ ਬਲਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਕਮਿਸ਼ਨ ਦੇ ਮੈਂਬਰਾਂ ਨੂੰ ਐੱਸ.ਸੀ. ਵਿਦਿਆਰਥੀਆਂ ਨਾਲ ਪੰਜਾਬ ਯੂਨੀਵਰਸਿਟੀ ਵਿੱਚ ਹੋ ਰਹੀ ਧੱਕੇਸ਼ਾਹੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲਿਖਤੀ ਮੰਗ ਪੱਤਰ ਵੀ ਸੌਂਪਿਆ ਗਿਆ। ਕਮਿਸ਼ਨ ਦੇ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਕਮਿਸ਼ਨ ਵੱਲੋਂ ਅਥਾਰਿਟੀ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਵਿਦਿਆਰਥੀ ਆਗੂਆਂ ਨੇ ਭਲਕੇ 11 ਅਗਸਤ ਨੂੰ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੂੰ ਧਰਨੇ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ।