ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 6 ਮਾਰਚ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਚ ਸਾਇੰਸ ਬਾਇਓਟੈਕਨਾਲੋਜ਼ੀ, ਕਾਮਰਸ, ਫੂਡ ਪ੍ਰੋਸੈਸਿੰਗ, ਸੋਲਰ ਊਰਜਾ, ਇਤਿਹਾਸ, ਕੰਪਿਊਟਰ, ਹਿਸਾਬ ਅਤੇ ਮੈਨੇਜ਼ਮੈਂਟ ਦੇ ਵਰਕਿੰਗ ਮਾਡਲਾਂ ਦੀ ਲਗਾਈ ਗਈ ਚਾਰ ਰੋਜ਼ਾ ਮੈਗਾ ਪ੍ਰਦਰਸ਼ਨੀ ਸਮਾਪਤ ਹੋਈ। ਕਾਲਜ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਸਿਰਜਨਾਤਮਕਤਾ ਦਾ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਸਾਇੰਸ ਨੂੰ ਅਸਲ ਜ਼ਿੰਦਗੀ ਨਾਲ ਜੋੜ ਕੇ ਵਿਦਿਆਰਥੀਆਂ ਵਿੱਚ ਸਾਇੰਟਿਫਿਕ ਸੋਚ ਨੂੰ ਜਨਮ ਦਿੰਦੀਆਂ ਹਨ। ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਭਵਿੱਖ ਦੇ ਵਿਕਾਸ ਲਈ ਵਿਗਿਆਨ ਅਤੇ ਤਕਨਾਲੋਜ਼ੀ ਇੱਕ ਅਨਿੱਖੜਵਾ ਅੰਗ ਹੈ, ਜਿਸ ਤੇ ਵਿਗਿਆਨ ਤੇ ਤਕਨਾਲੋਜ਼ੀ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਪ੍ਰਦਰਸ਼ਨੀ ਦੌਰਾਨ 100 ਦੇ ਕਰੀਬ ਮਾਡਲ ਵਿਖਾਏ ਗਏ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਵੀ ਪ੍ਰਬੰਧਕਾਂ ਵੱਲੋਂ ਕੀਤਾ ਗਿਆ।