ਪੱਤਰ ਪ੍ਰੇਰਕ
ਚੰਡੀਗੜ੍ਹ, 9 ਅਗਸਤ
ਛੇਵੇਂ ਤਨਖਾਹ ਕਮਿਸ਼ਨ ਬਾਰੇ ਕੈਬਨਿਟ ਸਬ-ਕਮੇਟੀ ਦੇ ਪ੍ਰਸਤਾਵ ਸਬੰਧੀ ਅੱਜ ਚੰਡੀਗੜ੍ਹ ਸਥਿਤ ਸਮੂਹ ਡਾਇਰੈਕਟੋਰੇਟਸ ਦੇ ਪ੍ਰਧਾਨਾਂ ਦੀ ਮੀਟਿੰਗ ਸੈਕਟਰ 17 ਵਿੱਚ ਦਵਿੰਦਰ ਸਿੰਘ ਬੈਨੀਪਾਲ ਅਤੇ ਪੀਐੱਸਐੱਮਐੱਸਯੂ ਦੇ ਸੂਬਾ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਆਗੂਆਂ ਨੇ ਕਿਹਾ ਕਿ ਕੈਬਨਿਟ ਸਬ-ਕਮੇਟੀ 11 ਅਗਸਤ ਨੂੰ ਮੁਲਾਜ਼ਮ ਜਥੇਬੰਦੀਆਂ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸਹੀ ਢੰਗ ਨਾਲ ਮੰਗਾਂ ਵੱਲ ਧਿਆਨ ਦੇਵੇ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਸਰਕਾਰ ਦਾ 15 ਫ਼ੀਸਦੀ ਵਾਧੇ ਵਾਲਾ ਪ੍ਰਸਤਾਵ ਮਨਜ਼ੂਰ ਨਹੀਂ ਹੈ। ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕਰ ਕੇ ਪੂਰੇ ਲਾਭ ਦਿੱਤੇ ਜਾਣ ਅਤੇ ਸਰਕਾਰ ਆਪਣੇ 15 ਜਨਵਰੀ, 2015 ਤੇ 17 ਜੁਲਾਈ, 2020 ਵਾਲੇ ਪੱਤਰ ਵਾਪਸ ਲਵੇ ਤੇ ਐੱਨਪੀਐੱਸ ਖ਼ਤਮ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।