ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 16 ਜੂਨ
ਡਾ. ਬੀਆਰ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿੱਚ 1000 ਐੱਲਪੀਐੱਮ ਦੀ ਸਮਰੱਥਾ ਤੇ ਐੱਲਐੱਮਓ ਲਾਈਨਜ਼ ਸਮੇਤ ਤਿੰਨ ਮੈਡੀਕਲ ਆਕਸੀਜਨ ਪਲਾਂਟ (ਪੀਐੱਸਏ ਪਲਾਂਟ) ਸਥਾਪਤ ਕਰਨ ਲਈ ਡਿਜ਼ਾਈਨ ਅਤੇ ਲੋੜੀਂਦੀ ਥਾਂ ਦੀ ਯੋਜਨਾਬੰਦੀ ਦੇ ਕੰਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਅਗਲੇ ਪੰਦਰਵਾੜੇ ਵਿੱਚ ਇਨ੍ਹਾਂ ਪਲਾਂਟਾਂ ਦੀ ਸਥਾਪਨਾ ਲਈ ਚੁਣੀ ਗਈ ਥਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੀ ਏਡੀਸੀ (ਜਨਰਲ) ਆਸ਼ਿਕਾ ਜੈਨ ਨੇ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਕੰਮ ਨੂੰ ਸਸਮੇਂ ਸਿਰ ਕਰਨ ਲਈ ਮੈਡੀਕਲ ਕਾਲਜ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸਿਹਤ ਵਿਭਾਗ, ਲੋਕ ਨਿਰਮਾਣ ਵਿਭਾਗ ਤੇ ਇਲੈਕਟ੍ਰੀਕਲ ਵਿੰਗ ਦੇ ਨੁਮਾਇੰਦਿਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ।