ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਮਾਰਚ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਮੈਡੀਕਲ ਤੇ ਨਾਨ-ਮੈਡੀਕਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦਿਵਾਈ ਜਾਵੇਗੀ। ਇਹ ਪਹਿਲੀ ਵਾਰ ਹੈ ਕਿ ਵਿਭਾਗ ਵੱਲੋਂ ਇਸ ਸਟਰੀਮ ਦੇ ਵਿਦਿਆਰਥੀਆਂ ਨੂੰ ਕੋਚਿੰਗ ਸੰਸਥਾਨ ਤੋਂ ਮੁਫਤ ਵਿੱਚ ਸਿਖਲਾਈ ਦਿੱਤੀ ਜਾਵੇਗੀ। ਇਸ ਸਬੰਧੀ ਵਿਦਿਆਰਥੀਆਂ ਦੀ ਦੋ ਪੜਾਆਂ ’ਤੇ ਪ੍ਰੀਖਿਆ ਰਾਹੀਂ ਚੋਣ ਕੀਤੀ ਜਾਵੇਗੀ ਜਿਸ ਦੀ ਪਹਿਲੀ ਪ੍ਰੀਖਿਆ 28 ਮਾਰਚ ਨੂੰ ਹੋਵੇਗੀ। ਇਹ ਪ੍ਰੀਖਿਆ ਦਸਵੀਂ ਦੇ ਉਨ੍ਹਾਂ ਵਿਦਿਆਰਥੀਆਂ ਦੀ ਲਈ ਜਾਵੇਗੀ, ਜਿਨ੍ਹਾਂ ਨੇ ਅਗਲੇ ਸੈਸ਼ਨ (ਅਪਰੈਲ) ਤੋਂ ਸਾਇੰਸ ਸਟਰੀਮ ਵਿੱਚ ਦਾਖਲਾ ਲੈਣਾ ਹੈ। ਚੰਡੀਗੜ੍ਹ ਵਿਚ 41 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ। ਸੂਤਰਾਂ ਅਨੁਸਾਰ ਪਹਿਲੀ ਪ੍ਰੀਖਿਆ 28 ਮਾਰਚ ਨੂੰ ਹੋਵੇਗੀ। ਇਸ ਪ੍ਰੀਖਿਆ ਦੇ ਆਧਾਰ ’ਤੇ 250 ਵਿਦਿਆਰਥੀ ਸ਼ਾਰਟ ਲਿਸਟ ਕੀਤੇ ਜਾਣਗੇ, ਜਿਨ੍ਹਾਂ ਦੀ ਇਕ ਹੋਰ ਪ੍ਰੀਖਿਆ ਲਈ ਜਾਵੇਗੀ ਜੋ ਕੋਚਿੰਗ ਸੰਸਥਾਨ ਵਾਲੇ ਲੈਣਗੇ। ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ ਉਹ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਹਿਮਤੀ ਮੰਗਣ ਤੇ ਇਸ ਤੋਂ ਬਾਅਦ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾਵੇਗੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਦਾ ਸਿਲੇਬਸ ਦੇ ਦਿੱਤਾ ਹੈ। ਉਨ੍ਹਾਂ ਮੁਤਾਬਕ ਕੋਚਿੰਗ ਸੰਸਥਾਨ ਵਾਲੇ ਆਪਣੇ ਪੱਧਰ ’ਤੇ ਪ੍ਰਸ਼ਨ ਪੱਤਰ ਤਿਆਰ ਕਰਨਗੇ ਜਿਸ ਦੇ ਆਧਾਰ ’ਤੇ ਸਰਵੋਤਮ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਇਸ ਲਈ ਕੀਤਾ ਗਿਆ ਹੈ ਕਿ ਕਈ ਵਿਦਿਆਰਥੀ ਪੜ੍ਹਨ ਵਿਚ ਹੁਸ਼ਿਆਰ ਹੁੰਦੇ ਹਨ ਪਰ ਆਰਥਿਕ ਮੰਦਹਾਲੀ ਕਾਰਨ ਉਹ ਮਹਿੰਗੇ ਕੋਚਿੰਗ ਸੰਸਥਾਵਾਂ ਦੀਆਂ ਫੀਸਾਂ ਨਹੀਂ ਦੇ ਸਕਦੇ ਤੇ ਉਹ ਹੋਰ ਸਟਰੀਮਾਂ ਵਿਚ ਦਾਖਲਾ ਲੈ ਲੈਂਦੇ ਹਨ ਪਰ ਇਸ ਪ੍ਰਾਜੈਕਟ ਤਹਿਤ ਗਰੀਬ ਤੇ ਸਰਵੋਤਮ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਜਾਵੇਗਾ।
250 ਵਿੱਚੋਂ 50 ਵਿਦਿਆਰਥੀ ਚੁਣੇ ਜਾਣਗੇ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਪਹਿਲੇ ਪੜਾਅ ਹੇਠ 250 ਵਿਦਿਆਰਥੀ ਚੁਣੇ ਜਾਣਗੇ ਤੇ ਇਨ੍ਹਾਂ ਵਿਦਿਆਰਥੀਆਂ ਵਿਚੋਂ ਅਗਲੇ ਪੜਾਅ ਹੇਠ 50 ਵਿਦਿਆਰਥੀ ਚੁਣੇ ਜਾਣਗੇ ਜਿਨ੍ਹਾਂ ਨੂੰ ਦੋ ਸਾਲ ਵਿਭਾਗ ਮੁਫਤ ਵਿਚ ਕੋਚਿੰਗ ਦਿਵਾਏਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਪ੍ਰੀਖਿਆ ਲਈ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਮੰਗੀ ਗਈ ਹੈ।