ਬਹਾਦਰਜੀਤ ਸਿੰਘ
ਰੂਪਨਗਰ, 13 ਮਾਰਚ
ਮੀਡੀਆ ਇਲੈਵਨ ਰੂਪਨਗਰ ਅਤੇ ਐੱਸਐੱਸਪੀ ਇਲੈਵਨ ਰੂਪਨਗਰ ਦੀਆਂ ਟੀਮਾਂ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਰੂਪਨਗਰ ਕ੍ਰਿਕਟ ਲੀਗ ਦੇ ਫਾਈਨਲ ਵਿੱਚ ਪੁੱਜ ਗਈਆਂ ਹਨ। ਅੱਜ ਸਰਕਾਰੀ ਕਾਲਜ ਰੂਪਨਗਰ ਦੇ ਕ੍ਰਿਕਟ ਮੈਦਾਨ ਵਿੱਚ ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਮੀਡੀਆ ਇਲੈਵਨ ਨੇ ਡੀਸੀ ਇਲੈਵਨ ਨੂੰ 48 ਦੌੜਾਂ ਨਾਲ ਅਤੇ ਐੱਸਐੱਸਪੀ ਇਲੈਵਨ ਨੇ ਡਾਕਟਰ ਇਲੈਵਨ ਨੂੰ 95 ਦੌੜਾਂ ਨਾਲ ਹਰਾਇਆ। ਮੀਡੀਆ ਇਲੈਵਨ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ 20 ਓਵਰਾਂ ਵਿਚ ਪੰਜ ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ। ਡੀਸੀ ਇਲੈਵਨ ਦੀ ਟੀਮ ਸਿਰਫ 126 ਦੌੜਾਂ ’ਤੇ ਆਲ ਆਊਟ ਹੋ ਗਈ। ਦੂਜੇ ਮੈਚ ਵਿੱਚ ਐੱਸਐੱਸਪੀ ਇਲੈਵਨ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿਚ 218 ਦੌੜਾਂ ਬਣਾਈਆਂ। ਡਾਕਟਰ ਇਲੈਵਨ ਦੀ ਟੀਮ ਸਿਰਫ 123 ਦੌੜਾਂ ’ਤੇ ਆਲ ਆਊਟ ਹੋ ਗਈ। ਜਾਣਕਾਰੀ ਮੁਤਾਬਿਕ ਐੱਸਐੱਸਪੀ ਇਲੈਵਨ ਅਤੇ ਮੀਡੀਆ ਇਲੈਵਨ ਦੀਆਂ ਟੀਮਾਂ ਦਰਮਿਆਨ 14 ਮਾਰਚ ਨੂੰ ਸਵੇਰੇ 9 ਵਜੇ ਫਾਈਨਲ ਮੈਚ ਹੋਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐੱਸਐੱਸਪੀ ਡਾ. ਅਖਿਲ ਚੌਧਰੀ ਸਣੇ ਹੋਰ ਵੀ ਅਧਿਕਾਰੀ ਮੌਜੂਦ ਸਨ।