ਪੱਤਰ ਪ੍ਰੇਰਕ
ਖਰੜ, 2 ਜੁਲਾਈ
ਅੱਜ ਦੇ ਯੁੱਗ ਵਿਚ ਮੀਡੀਆ ਦੀ ਭੂਮਿਕਾ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਆਮ ਲੋਕਾਂ ਅਤੇ ਸਰਕਾਰ ਵਿਚਾਲੇ ਇਕ ਕੜੀ ਦੀ ਤਰ੍ਹਾਂ ਕੰਮ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਵੈਬ ਅਧਾਰਿਤ ਚੈਨਲ ਪੀਬੀਸੀ ਨਿਊਜ਼ ਦੇ ਉਦਘਾਟਨ ਮੌਕੇ ਕੀਤਾ। ਸਪੀਕਰ ਨੇ ਕਿਹਾ ਕਿ ਐਮਰਜੈਂਸੀ ਸਥਿਤੀਆਂ ਜਿਵੇਂ ਕਿ ਮੌਜੂਦਾ ਕਰੋਨਾਵਾਇਰਸ ਮਹਾਂਮਾਰੀ ਵਿਚ ਮੀਡੀਆ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਸਹੀ ਜਾਣਕਾਰੀ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੁੰਦੀ ਹੈ। ਇਸ ਸਬੰਧੀ ਉਨ੍ਹਾਂ ਇਸ ਤੱਥ ਦੀ ਵੀ ਸ਼ਲਾਘਾ ਕੀਤੀ ਕਿ ਮੌਜੂਦਾ ਸਥਿਤੀ ਵਿੱਚ ਮੀਡੀਆ ਕਰਮੀ ਆਪਣੀ ਡਿਊਟੀ ਬਹੁਤ ਪੇਸ਼ੇਵਰ ਤਰੀਕੇ ਨਾਲ ਨਿਭਾ ਰਹੇ ਹਨ ਅਤੇ ਪੁਲੀਸ ਅਤੇ ਸਿਹਤ ਵਿਭਾਗ ਦੇ ਨਾਲ-ਨਾਲ ਫਰੰਟ ਲਾਈਨ ਯੋਧਿਆਂ ਵਜੋਂ ਕੰਮ ਕਰ ਰਹੇ ਹਨ। ਇਸ ਮੌਕੇ ਹਾਜ਼ਰ ਹੋਰਾਂ ’ਚ ਐੱਸਡੀਐੱਮ ਖਰੜ ਹਿਮਾਂਸ਼ੂ ਜੈਨ, ਐੱਸਪੀ ਦਿਹਾਤੀ ਰਵਜੋਤ ਗਰੇਵਾਲ ਅਤੇ ਪੀਬੀਸੀ ਨਿਊਜ਼ ਦੇ ਸੰਸਥਾਪਕ ਸਤਪਾਲ ਸਿੰਘ ਕਟਾਰੀਆ ਸ਼ਾਮਲ ਸਨ।
ਮੰਤਰੀ ਬਲਵੀਰ ਸਿੱਧੂ ਵੱਲੋਂ ਪੱਤਰਕਾਰਾਂ ਦੀ ਸ਼ਲਾਘਾ
ਖਰੜ (ਪੱਤਰ ਪ੍ਰੇਰਕ): ਕਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਘਰਾਂ ਅੰਦਰ ਬੈਠੀ ਜਨਤਾ ਨੂੰ ਸਮਾਜ ਨਾਲ ਜੋੜੀ ਰੱਖਣ ਦੀ ਅਹਿਮ ਭੂਮਿਕਾ ਪੱਤਰਕਾਰਾਂ ਵਲੋਂ ਨਿਭਾਈ ਗਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨ ਪਹੁੰਚੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਤੇਜ਼ ਲਾਈਵ ਚੈਨਲ ਦੇ ਉਦਘਾਟਨੀ ਸਮਾਗਮ ਵਿਚ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਦੀ ਅਤੇ ਅਸਲੀ ਮੁੱਦਿਆਂ ਦੀ ਚਰਚਾ ਮੀਡੀਆ ਜ਼ਰੀਏ ਬੜੇ ਵਿਲੱਖਣ ਤਰੀਕੇ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਵੀ ਪੱਤਰਕਾਰਾਂ ਵਲੋਂ ਅਣਥੱਕ ਮਿਹਨਤ ਕੀਤੀ ਗਈ ਅਤੇ ਸਮਾਜ ਨੂੰ ਜ਼ਮੀਨੀ ਪੱਧਰ ਨਾਲ ਜੋੜੀ ਰੱਖਿਆ।