ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਨਵੰਬਰ
ਮਿਸਰ ਦੇਸ਼ ਦੀ ਰਾਜਧਾਨੀ ਕਾਹਿਰਾ ਵਿੱਚ 18 ਤੋਂ 24 ਅਕਤੂਬਰ ਦਰਮਿਆਨ ਹੋਏ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਮੁਹਾਲੀ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨੇ ਅਤੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਨਗਰ ਨਿਗਮ ਭਵਨ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਨੌਜਵਾਨ ਖਿਡਾਰੀ ਖੇਡਾਂ ਵਿੱਚ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ। ਜਿਸ ਨਾਲ ਨਾ ਸਿਰਫ਼ ਸਾਡੇ ਮੁਹਾਲੀ ਸ਼ਹਿਰ ਬਲਕਿ ਸਮੁੱਚੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਬਣਾਏ ਗਏ ਖੇਡ ਸਟੇਡੀਅਮਾਂ ਨੂੰ ਨਗਰ ਨਿਗਮ ਆਪਣੇ ਅਧੀਨ ਲੈ ਕੇ ਇਲਾਕੇ ਦੇ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਮੁਹੱਈਆ ਕਰਾਏਗੀ। ਜ਼ਿਕਰਯੋਗ ਹੈ ਕਿ 17 ਸਾਲ ਉਮਰ ਵਰਗ ਵਿੱਚ ਕਾਜਲ ਤੇ ਸੰਤੋਖ ਡੋਗਰਾ, ਅੰਡਰ-15 ਸਾਲ ਵਿੱਚ ਜਾਨਵੀ ਸ਼ਰਮਾ ਤੇ ਸੰਜੋਤ ਕੌਰ ਅਤੇ ਅੰਡਰ-14 ਵਰਗ ਵਿੱਚ ਸਾਧਵੀ ਸ਼ਰਮਾ ਨੇ ਸੋਨੇ ਤਗ਼ਮੇ ਜਿੱਤੇ, ਜਦੋਂਕਿ ਅਕਸ਼ਤ ਖਰਬੰਦਾ ਨੇ ਅੰਡਰ-19, ਚੇਤਨ ਜੋਸ਼ੀ ਨੇ ਅੰਡਰ-17 ਅਤੇ ਸੱਜਣ ਸਿੰਘ ਨੇ ਅੰਡਰ-16 ਵਿੱਚ ਚਾਂਦੀ ਹਾਸਲ ਕੀਤੀ। ਹਿਮਾਂਸ਼ੂ ਗੋਇਲ ਨੇ ਅੰਡਰ-20 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।