ਨਿਜੀ ਪੱਤਰ ਪ੍ਰੇਰਕ
ਅੰਬਾਲਾ, 7 ਅਗਸਤ
ਜੀਨਜ਼ ਦਾ ਕੱਪੜਾ ਬਣਾਉਣ ਵਾਲੀ ਪ੍ਰਤਾਪ ਫੈਬਰਿਕ ਪ੍ਰਾਈਵੇਟ ਲਿਮਟਿਡ ਫੈਕਟਰੀ ਵਿਚ ਬਤੌਰ ਮਕੈਨਿਕ ਕੰਮ ਕਰਨ ਵਾਲੇ ਸਤਨਾਮ ਸਿੰਘ ਵਾਸੀ ਕੇਸਰੀ ਦੀ ਮਸ਼ੀਨ ਠੀਕ ਕਰਦਿਆਂ ਕਰੰਟ ਲੱਗਣ ਨਾਲ ਮੌਤ ਹੋ ਗਈ। ਸਾਹਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਦੇ ਵੱਡੇ ਭਰਾ ਸਤਬੀਰ ਨੇ ਦੱਸਿਆ ਕਿ ਉਸ ਦਾ ਭਰਾ ਫੈਕਟਰੀ ਵਿਚ ਪਿਛਲੇ 11 ਸਾਲਾਂ ਤੋਂ ਮਕੈਨਿਕ ਫੀਡਰ ਸੀ ਜਿਸ ਦੀ ਰਾਤ 12 ਵਜੇ ਤੋਂ ਸਵੇਰੇ 8 ਵਜੇ ਤੱਕ ਡਿਊਟੀ ਹੁੰਦੀ ਸੀ। ਲੰਘੀ ਰਾਤ ਵੀ ਉਹ ਡਿਊਟੀ ਤੇ ਗਿਆ ਸੀ। ਅੱਜ ਸਵੇਰੇ 4 ਵਜੇ ਦੇ ਕਰੀਬ ਫੈਕਟਰੀ ਵਿਚ ਕੰਮ ਕਰਨ ਵਾਲੇ ਉਨ੍ਹਾਂ ਦੇ ਗੁਆਂਢੀ ਅਜੈ ਕੁਮਾਰ ਨੇ ਫ਼ੋਨ ਕਰ ਕੇ ਦੱਸਿਆ ਕਿ ਸਤਨਾਮ ਸਿੰਘ ਨੂੰ ਕੱਪੜਾ ਬਣਾਉਣ ਵਾਲੀ ਲੂਮ ਮਸ਼ੀਨ ਮੁਰੰਮਤ ਕਰਦਿਆਂ ਕਰੰਟ ਲੱਗ ਗਿਆ ਹੈ। ਛਾਉਣੀ ਸਿਵਲ ਹਸਪਤਾਲ ਲਿਜਾਉਣ ’ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਤਬੀਰ ਦਾ ਕਹਿਣਾ ਹੈ ਕਿ ਉਸ ਦੇ ਭਰਾ ਦੀ ਮੌਤ ਫੈਕਟਰੀ ਮੈਨੇਜਰ ਸ਼ਾਮ ਲਾਲ ਅਤੇ ਮਾਲਕ ਸਤੀਸ਼ ਬੰਸਲ ਦੀ ਲਾਪਰਵਾਹੀ ਕਰਕੇ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।