ਕੁਲਦੀਪ ਸਿੰਘ
ਚੰਡੀਗੜ੍ਹ, 21 ਜੁਲਾਈ
ਪੰਜਾਬ ਯੂਨੀਵਰਸਿਟੀ ਸਥਿਤ ਸਰਦਾਰ ਵੱਲਭ ਭਾਈ ਪਟੇਲ ਹਾਲ (ਹੋਸਟਲ ਨੰਬਰ 4-ਲੜਕੇ) ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸੁਖਾਵਾਂ ਤੇ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਕਬਾੜ ਵਾਲੇ ਸਟੋਰ ਨੂੰ ਖਾਲੀ ਕਰ ਕੇ ‘ਸਟੱਡੀ ਰੂਮ’ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਏਅਰਕੰਡੀਸ਼ਨਰ ਤੇ ਕੁਦਰਤੀ ਰੌਸ਼ਨੀ ਵਾਲੇ ਇਸ ਮਿਸਾਲੀ ‘ਸਟੱਡੀ ਰੂਮ’ ਦਾ ਅੱਜ ਡੀਨ ਵਿਦਿਆਰਥੀ ਭਲਾਈ (ਲੜਕੇ) ਪ੍ਰੋ. ਐਸਕੇ ਤੋਮਰ ਅਤੇ ਪ੍ਰੋ. ਸੁਖਬੀਰ ਕੌਰ ਵੱਲੋਂ ਦੌਰਾ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਦੀ ਇਸ ਸਹੂਲਤ ’ਤੇ ਤਸੱਲੀ ਪ੍ਰਗਟਾਈ।
ਹੋਸਟਲ ਦੇ ਵਾਰਡਨ ਡਾ. ਭਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਹੋਸਟਲ ਵਿੱਚ ਵਿਦਿਆਰਥੀਆਂ ਦੇ ਪੜ੍ਹਨ ਲਈ ਛੋਟਾ ਜਿਹਾ ਕਮਰਾ ਸੀ ਪਰ ਇਹ ਵੱਡਾ ਕਮਰਾ ਸਟੋਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਸੀ। ਉਨ੍ਹਾਂ ਪੀਯੂ ਮੈਨੇਜਮੈਂਟ ਤੋਂ ਲਿਖਤੀ ਰੂਪ ਵਿੱਚ ਮਨਜ਼ੂਰੀ ਲੈ ਕੇ ਇਸ ਸਟੋਰਨੁਮਾ ਵੱਡੇ ਕਮਰੇ ਨੂੰ ਸਟੱਡੀ ਰੂਮ ਵਿੱਚ ਤਬਦੀਲ ਕਰਵਾਇਆ। ਵਿਦਿਆਰਥੀ ਕੇਂਦਰ ਅਤੇ ਏਸੀ ਜੋਸ਼ੀ ਲਾਇਬਰੇਰੀ ਦੇ ਬਿਲਕੁਲ ਨੇੜੇ ਸਥਿਤ ਇਸ ਹੋਸਟਲ ਦੇ ਨਵੇਂ ਸਟੱਡੀ ਰੂਮ ਵਿੱਚ ਏਅਰਕੰਡੀਸ਼ਨਰ, ਕੁਦਰਤੀ ਰੌਸ਼ਨੀ, ਵਾਈ-ਫਾਈ ਦੀ ਸੁਵਿਧਾ ਅਤੇ ਲੈਪਟਾਪ ਚਾਰਜ ਕਰਨ ਲਈ ਵੀ ਕਾਫ਼ੀ ਪੁਆਇੰਟ ਦਿੱਤੇ ਗਏ ਹਨ ਅਤੇ ਸੁਰੱਖਿਆ ਪੱਖ ਨੂੰ ਲੈ ਕੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਇਹ ਸਟੱਡੀ ਰੂਮ 24 ਘੰਟੇ ਵਿਦਿਆਰਥੀਆਂ ਲਈ ਖੁੱਲ੍ਹਾ ਰੱਖਿਆ ਜਾਵੇਗਾ।