ਕੁਲਦੀਪ ਸਿੰਘ
ਚੰਡੀਗੜ੍ਹ, 13 ਜੂਨ
ਐਮ.ਸੀ. ਰੋਡ ਵਿੰਗ ਦੇ ਵਰਕਰਾਂ ਨੂੰ ਨੌਕਰੀ ਉਤੇ ਪੱਕਾ ਕਰਵਾਉਣ, ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਦਿਵਾਉਣ, ਤਨਖਾਹ ਸਕੇਲਾਂ ਵਿੱਚ ਸੋਧੇ ਹੋਏ ਡੀ.ਸੀ. ਰੇਟਾਂ ਦੀ ਨੋਟੀਫਿਕੇਸ਼ਨ ਜਾਰੀ ਕਰਵਾਉਣ, ਆਊਟਸੋਰਸਡ ਵਰਕਰਾਂ ਲਈ ਸੁਰੱਖਿਅਤ ਪਾਲਿਸੀ ਬਣਵਾਉਣ ਲਈ, ਬਰਾਬਰ ਕੰਮ-ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਵਾਉਣ, ਆਊਟਸੋਰਸਡ ਵਰਕਰਾਂ ਨੂੰ ਪੈਂਡਿੰਗ ਤਨਖਾਹਾਂ ਦਿਵਾਉਣ ਸਮੇਤ ਮਿਸਤਰੀਆਂ/ਕਾਰਪੇਂਟਰਾਂ ਨੂੰ ਤਕਨੀਕੀ ਸਕੇਲ ਦਿਵਾਉਣ ਦੀਆਂ ਮੰਗਾਂ ਨੂੰ ਲੈ ਕੇ ਅੱਜ ਰੋਡ ਵਿਭਾਗ ਦੇ ਵਰਕਰਾਂ ਵੱਲੋਂ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਸੈਕਟਰ 38 ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।
ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਪੈਟਰਨ ਸ਼ਾਮ ਲਾਲ ਘਾਵਰੀ, ਚੇਅਰਮੈਨ ਅਨਿਲ ਕੁਮਾਰ ਅਤੇ ਸੀਨੀਅਰ ਵਾਈਸ ਪ੍ਰਧਾਨ ਸੁਰੇਸ਼ ਕੁਮਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨਾਲ 27 ਮਈ ਨੂੰ ਹੋਈ ਮੀਟਿੰਗ ਮੁਤਾਬਕ ਤਨਖਾਹਾਂ ਦਾ ਡੀ.ਸੀ. ਰੇਟ ਨਹੀਂ ਵਧਾਇਆ ਗਿਆ ਸਗੋਂ ਕਈ ਸ਼੍ਰੇਣੀਆਂ ਦੇ ਵਰਕਰਾਂ ਦੀਆਂ ਤਨਖਾਹਾਂ ਫਰੀਜ਼ ਕਰ ਦਿੱਤੀਆਂ ਗਈਆਂ ਹਨ ਜੋ ਕਿ ਆਊਟਸੋਰਸਡ ਵਰਕਰਾਂ ਨਾਲ ਸ਼ਰ੍ਹੇਆਮ ਧੱਕੇਸ਼ਾਹੀ ਹੈ। ਜੂਨੀਅਰ ਤਕਨੀਸ਼ਨਾਂ ਦੀ ਕੈਟਾਗਰੀ ਨੂੰ ਇਲੈਕਟ੍ਰੀਸ਼ੀਅਨ ਅਤੇ ਲਿਫ਼ਟ ਅਪ੍ਰੇਟਰ ਦੇ ਬਰਾਬਰ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਘੋਸ਼ਣਾ ਕੀਤੀ ਕਿ 20 ਜੂਨ ਨੂੰ ਗਵਰਨਰ ਹਾਊਸ ਅੱਗੇ ਕੀਤੇ ਜਾਣ ਵਾਲੇ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਇਸ ਮੁੱਦੇ ਨੂੰ ਵੀ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਜਾਵੇਗਾ। ਕੋਆਰਡੀਨੇਸ਼ਨ ਕਮੇਟੀ ਆਗੂਆਂ ਨੇ ਕਿਹਾ ਕਿ ਡੀ.ਸੀ. ਰੇਟਾਂ ਵਿੱਚ 15 ਫੀਸਦੀ ਦੇ ਹੋਏ ਵਾਧੇ ਦਾ ਲਾਭ ਸਿਰਫ਼ ਕੁਝ ਹੀ ਸ਼੍ਰੇਣੀਆਂ ਨੂੰ ਮਿਲਿਆ ਹੈ।
ਯੂਟੀ ਪ੍ਰਸ਼ਾਸਨ ਨੇ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਈਆਂ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਪ੍ਰਸ਼ਾਸਨ ਨੇ ਵੱਖ-ਵੱਖ ਸਰਕਾਰੀ ਅਤੇ ਸਹਿਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰ ਦਿੱਤਾ ਹੈ। ਅੱਜ ਦੇਰ ਸ਼ਾਮ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਨਵੇਂ ਸੋਧੀਆਂ ਹੋਈਆਂ ਤਨਖਾਹਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਦਰਾਂ 1 ਅਪਰੈਲ 2022 ਤੋਂ 31 ਮਾਰਚ 2023 ਤੱਕ ਲਾਗੂ ਹੋਣਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਡੀਸੀ ਰੇਟ ’ਤੇ ਸਰਕਾਰੀ ਅਤੇ ਸਹਿਕਾਰੀ ਸੰਸਥਾਵਾਂ ਵਿੱਚ ਤਾਇਨਾਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 400 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਦਾ ਵਾਧਾ ਕੀਤਾ ਹੈ।