ਸ਼ਸ਼ੀ ਪਾਲ ਜੈਨ
ਖਰੜ, 10 ਸਤੰਬਰ
ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਖਰੜ ਨਗਰ ਕੌਂਸਲ ਦੇ ਵਾਰਡ ਨੰਬਰ-15 ਅਤੇ 16 ਦੇ ਐੱਮਸੀਜ਼ ਵੱਲੋਂ ਇੱਕ-ਦੂਜੇ ’ਤੇ ਦੋਸ਼ ਲਗਾਏ ਜਾ ਰਹੇ ਹਨ। ਅੱਜ ਵਾਰਡ ਨੰਬਰ-15 ਅਤੇ 16 ਦੀ ਡਿਵਾਇੰਡੀਗ ਰੋਡ ’ਤੇ ਲੱਗੇ ਟਿਊਬਵੈੱਲ ਤੋਂ ਪਾਣੀ ਸਪਲਾਈ ਕਰਨ ਲਈ ਨਵਾਂ ਵਾਲਵ ਲਗਾਉਣ ਸਬੰਧੀ ਪਤਾ ਲੱਗਿਆ ਤਾਂ ਵਾਰਡ ਨੰਬਰ-15 ਦੇ ਵਸਨੀਕ ਅਤੇ ਇੱਥੋਂ ਦੀ ਮੈਂਬਰ ਮੇਹਰ ਕੌਰ ਦੇ ਪਤੀ ਧਨਵੰਤ ਸਿੰਘ ਸ਼ਿੰਦਾ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਵਾਰਡ ਨੰਬਰ-16 ਦੇ ਐੱਮਸੀ ਕੇਸਰ ਸਿੰਘ ਧੱਕੇ ਨਾਲ ਨਵਾਂ ਵਾਲਵ ਲਗਾ ਰਹੇ ਹਨ। ਜਦੋਂਕਿ ਪਹਿਲਾ ਹੀ ਗੋਲਡਨ ਸਿਟੀ ਵਿੱਚ ਪਾਣੀ ਦੀ ਭਾਰੀ ਕਿਲਤ ਹੈ। ਵਾਰਡ ਨੰਬਰ-16 ਦੇ ਐੱਮਸੀ ਕੇਸਰ ਸਿੰਘ ਨੇ ਕਿਹਾ ਕਿ ਜਦੋਂ ਵਾਰਡ ਨੰਬਰ-15 ਵਿੱਚ ਟਿਊਬਵੈਲ ਫੇਲ੍ਹ ਹੋਇਆ ਸੀ, ਉਸ ਵੇਲੇ ਤੋਂ ਹੁਣ ਤੱਕ ਵਾਰਡ ਨੰਬਰ-16 ਤੋਂ ਹੀ ਪਾਣੀ ਜਾ ਰਿਹਾ ਹੈ। ਹੁਣ ਜਦੋਂ ਵਾਰਡ ਨੰਬਰ-16 ਵਿੱਚ ਪਾਣੀ ਦੀ ਕਿੱਲਤ ਹੈ ਤਾਂ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਨਵਾਂ ਵਾਲਵ ਲਗਾਉਣ ਲਈ ਕਿਹਾ ਗਿਆ ਸੀ। ਨਗਰ ਕੌਸਲ ਖਰੜ ਦੇ ਮਿਊਂਸੀਪਲ ਇੰਜਨੀਅਰ ਵਿਨੈ ਮਹਾਜਨ ਨੇ ਕਿਹਾ ਕਿ ਮਾਮਲਾ ਬੈਠ ਕੇ ਗੱਲਬਾਤ ਰਾਹੀਂ ਹੱਲ ਕਰ ਲਿਆ ਜਾਵੇਗਾ।