ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 20 ਜਨਵਰੀ
ਚੰਡੀਗੜ੍ਹ ਦੇ ਮੇਅਰ ਦੀ ਚੋਣ ਸਬੰਧੀ ਆਮ ਆਦਮੀ ਪਾਰਟੀ ਦੀ ਕੌਂਸਲਰ ਅੰਜੂ ਕਤਿਆਲ ਅਤੇ ਹੋਰਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ’ਤੇ ਅੱਜ ਵੀ ਸੁਣਵਾਈ ਨਹੀਂ ਹੋ ਸਕੀ। ਅੱਜ ਤੈਅ ਸੁਣਵਾਈ ਦੌਰਾਨ ਪਟੀਸ਼ਨ ਵਿੱਚ ਤਕਨੀਕੀ ਖਾਮੀਆਂ ਹੋਣ ਕਰਕੇ ਇਸ ਮਾਮਲੇ ਲਈ ਹੁਣ ਇਹ ਸੁਣਵਾਈ ਅਗਲੇ ਮਹੀਨੇ 4 ਫ਼ਰਵਰੀ ਤੱਕ ਟਾਲ ਦਿੱਤੀ ਗਈ। ਅੱਜ ਇੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੇ ਬੈਂਚ ਵੱਲੋਂ ਸੁਣਵਾਈ ਕੀਤੀ ਜਾਣੀ ਸੀ। ਸੁਣਵਾਈ ਦੌਰਾਨ ਪ੍ਰਸ਼ਾਸਨ ਵੱਲੋਂ ਸਟੈਂਡਿੰਗ ਕਾਊਂਸਿਲ ਦੇ ਵਕੀਲਾਂ ਨੇ ਪਟੀਸ਼ਨ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਸਬੰਧਤ ਅਥਾਰਿਟੀ ਅਤੇ ਹੋਰਾਂ ਨੂੰ ਪਾਰਟੀ ਬਣਾਉਣ ਦੀ ਮੰਗ ਕੀਤੀ। ਇਸ ਤਕਨੀਕੀ ਨੁਕਸ ਦੀ ਦਲੀਲ ਦੇ ਕੇ ਉਨ੍ਹਾਂ ਇਸ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ। ਹਾਈ ਕੋਰਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਂ ਤਾਂ ਇਸ ਪਟੀਸ਼ਨ ਨੂੰ ਵਾਪਸ ਲੈ ਲਏ ਜਾਂ ਮੁੜ ਤੋਂ ਸੋਧ ਕਰ ਕੇ ਪਟੀਸ਼ਨ ਦਾਇਰ ਕੀਤੀ ਜਾਵੇ। ਅਦਾਲਤ ਦੀ ਇਸ ਹਦਾਇਤ ‘ਤੇ ਇਹ ਪਟੀਸ਼ਨ ਦਾਇਰ ਕਰਨ ਵਾਲੇ ‘ਆਪ’ ਦੇ ਕੌਂਸਲਰਾਂ ਨੇ ਕੋਰਟ ਨੂੰ ਅਪੀਲ ਕੀਤੀ ਕਿ ਉਹ ਇਸ ਪਟੀਸ਼ਨ ਵਿੱਚ ਲੋੜ ਅਨੁਸਾਰ ਸੋਧ ਕਰ ਕੇ ਦੁਬਾਰਾ ਪਟੀਸ਼ਨ ਦਾਖ਼ਲ ਕਰਨਗੇ ਜਿਸ ਲਈ ਉਨ੍ਹਾਂ ਅਦਾਲਤ ਤੋਂ ਕੁੱਝ ਸਮਾਂ ਦੇਣ ਦੀ ਮੰਗ ਕੀਤੀ। ਇਸ ’ਤੇ ਬੈਂਚ ਨੇ 4 ਫਰਵਰੀ ਤੱਕ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ।