ਪੱਤਰ ਪ੍ਰੇਰਕ
ਐੱਸਏਐਸ. ਨਗਰ (ਮੁਹਾਲੀ), 20 ਅਪਰੈਲ
ਇੱਥੋਂ ਦੇ ਫੇਜ਼-1 ਸਥਿਤ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਫਾਇਰ ਸੇਫ਼ਟੀ ਸਪਤਾਹ ਦੇ ਅਖੀਰਲੇ ਦਿਨ ਮੰਗਲਵਾਰ ਨੂੰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਡਾ. ਕਮਲ ਗਰਗ ਨੇ ਅੱਗ ਬੁਝਾਊ ਯੰਤਰਾਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਗਿਆ। ਸਹਾਇਕ ਮੰਡਲ ਫਾਇਰ ਅਫ਼ਸਰ ਮੋਹਨ ਲਾਲ ਵਰਮਾ ਨੇ ਮੇਅਰ ਨੂੰ ਆਧੁਨਿਕ ਕਿਸਮ ਦੇ ਸਾਜ਼ੋ ਸਾਮਾਨ ਅਤੇ ਹੋਰ ਯੰਤਰਾਂ ਬਾਰੇ ਜਾਣਕਾਰੀ ਦਿੱਤੀ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਛੇਤੀ ਠੋਸ ਕਦਮ ਚੁੱਕੇ ਜਾਣਗੇ।
ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਬਰਵਾਲਾ ਦੇ ਅੰਤਰਰਾਸ਼ਟਰੀ ਮਾਰਗ-7 ਉੱਤੇ ਸਥਿਤ ਮੱਟਾਂਵਾਲਾ ਕੋਟ ਦੇ ਬੱਸ ਸਟੈਂਡ ਦੇ ਲਾਗੇ ਦੁਕਾਨ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਇਹ ਦੁਕਾਨ ਕਰਿਆਨੇ ਦੀ ਸੀ। ਦੁਕਾਨ ਮਾਲਕ ਸਤੀਸ਼ ਉਰਫ ਪਿੰਕੀ ਨੇ ਦੱਸਿਆ ਕਿ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਇਸੇ ਦੌਰਾਨ ਮੋਰਨੀ ਇਲਾਕੇ ਦੇ ਸਮਲੋਠਾ ਮੰਦਰ ਦੀ ਪਾਰਕਿੰਗ ਦੇ ਨਾਲ ਲਗਦੇ ਜੰਗਲ ਵਿੱਚ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। ਇਸ ਮੌਕੇ ਸ਼ਰਧਾਲੂ ਆਪਣੇ ਵਾਹਨਾਂ ਵੱਲ ਭੱਜੇ ਤਾਂ ਜੋ ਅੱਗ ਦੀ ਲਪੇਟ ਵਿੱਚ ਵਾਹਨ ਨਾ ਆ ਜਾਣ। ਸ਼ਰਧਾਲੂਆਂ ਨੇ ਮਿਲ ਕੇ ਅੱਗ ਉੱਤੇ ਕਾਬੂ ਪਾਇਆ।