ਮੁਕੇਸ਼ ਕੁਮਾਰ
ਚੰਡੀਗੜ੍ਹ, 2 ਮਾਰਚ
ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਟੀਮ ਨਾਲ ਅੱਜ ਇਥੇ ਵਾਰਡ ਨੰਬਰ 12 ਦਾ ਦੌਰਾ ਕੀਤਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਸਮੇਤ ਉਥੋਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਮੇਅਰ ਰਵੀ ਕਾਂਤ ਸ਼ਰਮਾ ਅੱਜ ਨਿਗਮ ਦੇ ਵਾਰਡ ਨੰਬਰ 12 ਅਧੀਨ ਪੈਂਦੇ ਸੈਕਟਰ 52 ਦੀ ਈਡਬਲਿਊਐੱਸ ਕਾਲੋਨੀ, ਐੱਲਆਈਜੀ ਕਾਲੋਨੀ ਸਮੇਤ ਸੈਕਟਰ 61 ਦਾ ਦੌਰਾ ਕੀਤਾ। ਇਸ ਮੌਕੇ ਇਲਾਕਾ ਵਾਸੀਆਂ ਨੇ ਮੇਅਰ ਅਤੇ ਨਗਰ ਨਿਗਮ ਦੀ ਟੀਮ ਨੂੰ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਮੇਅਰ ਰਵੀ ਕਾਂਤ ਸ਼ਰਮਾ ਵੱਲੋਂ ਇਲਾਕਾ ਵਾਸੀਆਂ ਨੂੰ ਉਨ੍ਹਾਂ ਦੀਆਂ ਨਗਰ ਨਿਗਮ ਨਾਲ ਸਬੰਧਤ ਸਮੱਸਿਆਵਾਂ ਦਾ ਛੇਤੀ ਹੀ ਹੱਲ ਕੱਢਣ ਦਾ ਭਰੋਸਾ ਦਿੱਤਾ। ਉਨ੍ਹਾਂ ਇਸ ਦੌਰਾਨ ਤੇ ਹਾਜ਼ਰ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਇਲਾਕਾ ਵਾਸੀਆਂ ਵਲੋਂ ਦੱਸੀਆਂ ਗਈਆਂ ਸਮੱਸਿਆਵਾਂ ਦੇ ਛੇਤੀ ਹੀ ਹੱਲ ਕੱਢਣ ਦੀ ਹਦਾਇਤ ਦਿੱਤੀ। ਮੇਅਰ ਨੇ ਨਿਗਮ ਦੇ ਇੰਜਨੀਅਰ ਵਿੰਗ ਦੇ ਅਧਿਕਾਰੀਆਂ ਨੂੰ ਇਥੇ ਬਣਾਈ ਜਾ ਰਹੀ ਡਿਸਪੈਂਸਰੀ ਦੀ ਉਸਾਰੀ ਸਬੰਧੀ ਕਾਰਜ 31 ਮਈ ਤੱਕ ਪੂਰੇ ਕਰਨ ਲਈ ਕਿਹਾ। ਉਨ੍ਹਾਂ ਇਥੇ ਬਣਾਏ ਜਾ ਰਹੇ ਕਮਿਊਨਿਟੀ ਸੈਂਟਰ ਦੀ ਉਸਾਰੀ ਦੇ ਕਾਰਜਾਂ ਨੂੰ 31 ਅਗਸਤ ਤੱਕ ਪੂਰੇ ਕਰਨ ਦੇ ਆਦੇਸ਼ ਦਿੱਤੇ। ਨਿਗਮ ਦੀ ਟੀਮ ਵੱਲੋਂ ਕੀਤੇ ਗਏ ਇਸ ਦੌਰੇ ਦੇ ਮੌਕੇ ਇਲਾਕਾ ਕੌਂਸਲਰ ਚੰਦਰਵਤੀ ਸ਼ੁਕਲਾ ਸਮੇਤ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਨਿਗਮ ਦੇ ਚੀਫ ਇੰਜੀਨੀਅਰ ਸ਼ੈਲੇਂਦਰ ਸਿੰਘ ਸਮੇਤ ਹੋਰ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ। ਰਿਕਾਰਪੈਂਟਿੰਗ ਦੇ ਕੰਮ ਕਾਰਨ ਦੱਖਣ ਮਾਰਗ ਦੀ ਬਜਾਏ ਹੋਰ ਸੜਕ ਦੇ ਇਸਤੇਮਾਲ ਦੀ ਅਪੀਲ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਥੇ ਦੱਖਣ ਮਾਰਗ ’ਤੇ ਸਥਿਤ ਜੰਕਸ਼ਨ ਨੰਬਰ 33 ਤੋਂ ਲੈ ਕੇ ਮੁੱਲਾਂਪੁਰ ਚੌਕ ਤੱਕ ਸੜਕ ਦੀ ਰਿਕਾਰਪੈਂਟਿੰਗ ਕੀਤਾ ਜਾ ਰਹੀ ਹੈ। ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਅਨੁਸਾਰ ਰਿਕਾਰਪੈਟਿੰਗ ਦੇ ਕਾਰਜ 7 ਮਾਰਚ ਤੱਕ ਜਾਰੀ ਰਹਿਣਗੇ। ਪ੍ਰਸ਼ਾਸਨ ਦੇ ਬੁਲਾਰੇ ਨੇ ਇਸ ਮਾਰਗ ਦਾ ਇਸਤੇਮਾਲ ਕਰਨ ਵਾਲੇ ਵਾਹਨਾਂ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਸੜਕ ਦੀ ਰਿਕਾਰਪੈਂਟਿੰਗ ਦੇ ਕਾਰਜ ਪੂਰੇ ਹੋਣ ਤੱਕ ਸਵੇਰੇ ਸਾਢੇ ਨੌਂ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਆਉਣ ਜਾਣ ਲਈ ਕਿਸੀ ਹੋਰ ਸੜਕ ਦਾ ਇਸਤੇਮਾਲ ਕਰਨ।