ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਚੰਡੀਗੜ੍ਹ ਦੇ ਪਾਰਕਾਂ ਨੂੰ ਸਾਫ਼ ਸੁਥਰਾ ਰੱਖਣ ਲਈ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਵਾਤਾਵਰਨ ਹਫ਼ਤੇ ਤਹਿਤ ਮੇਅਰ ਵੱਲੋਂ ‘ਸਾਡਾ ਪਾਰਕ, ਸਾਡੀ ਪਛਾਣ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੇਅਰ ਸਰਬਜੀਤ ਕੌਰ, ਕਮਿਸ਼ਨਰ ਅਨਿੰਦਿਤਾ ਮਿੱਤਰਾ ਅਤੇ ਕੌਂਸਲਰ ਖੁਦ ਪਾਰਕਾਂ ਦੀ ਸਫ਼ਾਈ ਲਈ ਪਹੁੰਚੇ। ਮੇਅਰ ਨੇ ਮੁਹਿੰਮ ਦੀ ਸ਼ੁਰੂਆਤ ਵਾਰਡ ਨੰਬਰ 10 ਵਿੱਚ ਪੈਂਦੇ ਸੈਕਟਰ 27 ਵਿੱਚੋਂ ਕੀਤੀ ਗਈ ਜਿੱਥੇ ਨਿਗਮ ਅਧਿਕਾਰੀਆਂ ਨੇ ਪਾਰਕ ਵਿੱਚਲੇ ਫੁੱਟਪਾਥ, ਪੈਦਲ ਚੱਲਣ ਵਾਲੇ ਟਰੈਕ, ਬੱਚਿਆਂ ਦੇ ਖੇਡਣ ਵਾਲੇ ਇਲਾਕੇ ਅਤੇ ਪਾਰਕ ਦੇ ਕੋਨਿਆਂ ਵਿੱਚ ਸਫ਼ਾਈ ਕੀਤੀ। ਦੂਜੇ ਪਾਸੇ ਨਿਗਮ ਕਮਿਸ਼ਨਰ ਨੇ ਵਾਰਡ ਨੰਬਰ 22 ਵਿੱਚ ਪੈਂਦੇ ਸੈਕਟਰ 33 ਦੇ ਪਾਰਕ ’ਚ ਸਫ਼ਾਈ ਕੀਤੀ।
ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਦੀ ਪਛਾਣ ਸ਼ਹਿਰ ਵਿਚਲੇ ਪਾਰਕ ਅਤੇ ਦਰੱਖਤ ਹਨ। ਇਸ ਲਈ ਸਾਰਿਆਂ ਨੂੰ ਪਾਰਕਾਂ ਅਤੇ ਦਰੱਖਤਾਂ ਦੀ ਦੇਖਭਾਲ ਲਈ ਖ਼ੁਦ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਰ ਕਰਨ ਲਈ ਟਰੈਕ, ਸੰਗੀਤਕ ਫੁਹਾਰੇ, ਐੱਲਈਡੀ ਲਾਈਟਾਂ, ਬੈਂਚ, ਬੱਚਿਆਂ ਦੇ ਖੇਡਣ ਤੋਂ ਇਲਾਵਾ ਪਾਰਕਾਂ ਵਿੱਚ ਓਪਨ ਏਅਰ ਜਿੰਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਪਾਰਕਾਂ ਦੀ ਦੇਖਭਾਲ ਲੋਕਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ, ਜਿਨ੍ਹਾਂ ਨੇ ਨਿੱਤ ਪਾਰਕ ਵਿੱਚ ਸੈਰ ਅਤੇ ਹੋਰ ਕਸਰਤ ਕਰਨੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਅਤੇ ਕਲੋਨੀਆਂ ਵਿੱਚ 1800 ਦੇ ਕਰੀਬ ਪਾਰਕ ਅਤੇ ਗਰੀਨ ਬੈਲਟ ਏਰੀਆ ਹੈ, ਜਿਸ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਫ਼ਾਈ ਦੌਰਾਨ ਸਬੰਧਤ ਇੰਜਨੀਅਰਾਂ ਨੂੰ ਹਦਾਇਤ ਕੀਤੀ ਕਿ ਉਹ ਪਾਰਕਾਂ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣ। ਜੇਕਰ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇ। ਕਮਿਸ਼ਨਰ ਨੇ ਸ਼ਹਿਰ ਵਿਚਲੇ ਸਾਰੇ ਕੌਂਸਲਰਾਂ ਨੂੰ ਕਿਹਾ ਕਿ ਆਪੋ-ਆਪਣੇ ਇਲਾਕੇ ਵਿਚਲੇ ਲੋਕਾਂ ਦੇ ਸਹਿਯੋਗ ਨਾਲ ਪਾਰਕਾਂ ਦੀ ਦੇਖਭਾਲ ਯਕੀਨੀ ਬਣਾਈ ਜਾਵੇ।