ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਅਪਰੈਲ
ਆਮ ਆਦਮੀ ਪਾਰਟੀ (ਆਪ) ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਪੰਨੂ ਨੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਉੱਤੇ ਇੱਥੋਂ ਦੇ ਨਜ਼ਦੀਕੀ ਪਿੰਡ ਮਾਣਕਪੁਰ ਕੱਲਰ ਦੇ ਸ਼ਮਸ਼ਾਨਘਾਟ ਦੀ ਜ਼ਮੀਨ ਹਥਿਆਉਣ ਦਾ ਦੋਸ਼ ਲਗਾਇਆ ਹੈ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪਿੰਡ ਦੇ ਕੁਝ ਵਸਨੀਕਾਂ ਦੀ ਮੌਜੂਦਗੀ ਵਿੱਚ ਗੁਰਤੇਜ ਪੰਨੂ ਨੇ ਕਿਹਾ ਕਿ ਮੁਹਾਲੀ ਪੁਲੀਸ ਅਤੇ ਪੰਚਾਇਤ ਵਿਭਾਗ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਅਧਿਕਾਰੀਆਂ ਨੇ ਬਣਦੀ ਕਾਰਵਾਈ ਤੋਂ ਪੱਲਾ ਝਾੜ ਲਿਆ ਹੈ। ਇਸ ਕਾਰਨ ਪੀੜਤ ਲੋਕਾਂ ਨੂੰ ਹੁਣ ਅਦਾਲਤ ਦਾ ਬੂਹਾ ਖੜਕਾਉਣਾ ਪਿਆ ਹੈ। ਪਿੰਡ ਦੇ ਲੋਕਾਂ ਨੇ ਆਪਣੀ ਸਮੱਸਿਆ ਬਾਰੇ ਦੱਸਦਿਆਂ ਇਨਸਾਫ਼ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਪਿੰਡ ਮਾਣਕਪੁਰ ਕੱਲਰ ਵਿੱਚ ਸ਼ਮਸ਼ਾਨਘਾਟ ਨੇੜੇ ਮੇਅਰ ਜੀਤੀ ਸਿੱਧੂ ਦੀ ਨਿੱਜੀ ਕੰਪਨੀ ਦੀ ਜ਼ਮੀਨ ਲੱਗਦੀ ਹੈ ਅਤੇ ਉਹ ਸ਼ਮਸ਼ਾਨਘਾਟ ਵਾਲੀ ਜ਼ਮੀਨ ਨੂੰ ਵੀ ਕੰਪਨੀ ਦੀ ਜ਼ਮੀਨ ਨਾਲ ਮਿਲਾਉਣਾ ਚਾਹੁੰਦੇ ਹਨ। ਇਸ ਸਬੰਧੀ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਸਿਆਸੀ ਦਬਾਅ ਪੈਣ ਕਾਰਨ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਲੋਕਾਂ ਨੂੰ ਭੜਕਾ ਰਿਹੈ ‘ਆਪ’ ਆਗੂ: ਸਰਪੰਚ
ਪਿੰਡ ਮਾਣਕਪੁਰ ਕੱਲਰ ਦੇ ਸਰਪੰਚ ਕਰਮ ਸਿੰਘ ਨੇ ‘ਆਪ’ ਆਗੂ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ (ਪੰਨੂ) ਪਿੰਡ ਵਾਸੀਆਂ ਨੂੰ ਭੜਕਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾ ਤਾਂ ਸ਼ਮਸ਼ਾਨਘਾਟ ’ਤੇ ਕੋਈ ਕਬਜ਼ਾ ਹੋਇਆ ਹੈ ਅਤੇ ਨਾ ਹੀ ਇਹ ਜ਼ਮੀਨ ਨਿੱਜੀ ਕੰਪਨੀ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦਾ ਰਸਤਾ ਬੰਦ ਕਰਨ ਦੇ ਦੋਸ਼ ਵੀ ਝੂਠੇ ਹਨ।
ਜ਼ਮੀਨ ’ਤੇ ਕਬਜ਼ੇ ਦੇ ਦੋਸ਼ ਬੇਬੁਨਿਆਦ: ਜੀਤੀ ਸਿੱਧੂ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ‘ਆਪ’ ਆਗੂ ਵੱਲੋਂ ਸ਼ਮਸ਼ਾਨਘਾਟ ਦੀ ਜ਼ਮੀਨ ਹਥਿਆਉਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਨੂੰ ਜਾਣ-ਬੁੱਝ ਕੇ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਮਸ਼ਾਨਘਾਟ ਦੀ ਥਾਂ ਨੂੰ ਹਾਲੇ ਤੱਕ ਛੇੜਿਆ ਨਹੀਂ ਗਿਆ ਹੈ ਸਗੋਂ ਕੁਝ ਦਿਨ ਪਹਿਲਾਂ ਹੀ ਸਰਪੰਚ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਇਹ ਫੈਸਲਾ ਹੋਇਆ ਸੀ ਕਿ ਜੇਕਰ ਸ਼ਮਸ਼ਾਨਘਾਟ ਕੰਪਨੀ ਪ੍ਰਾਜੈਕਟ ਵਿੱਚ ਆਉਂਦਾ ਹੈ ਤਾਂ ਉਹ ਪਿੰਡ ਵਾਸੀਆਂ ਨੂੰ ਪਹਿਲਾਂ ਨਵਾਂ ਸ਼ਮਸ਼ਾਨਘਾਟ ਬਣਾ ਕੇ ਦੇਣਗੇ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।