ਪੰਚਕੂਲਾ 12, ਅਪਰੈਲ
ਮਾਤਾ ਮਨਸਾ ਦੇਵੀ ਦਾ ਪੰਚਕੂਲਾ ਸਥਿਤ ਮੰਦਰ ਧਰਮ ਗ੍ਰੰਥ ਤੰਤਰ ਚੂੜਾਮਨੀ ਅਨੁਸਾਰ ਸਿੱਧ ਦੇਵੀ 51 ਸ਼ਕਤੀਪੀਠਾਂ ਵਿੱਚੋਂ ਇੱਕ ਹੈ, ਜਦਕਿ ਦੇਵੀ ਭਾਗਵਤ ਪੁਰਾਣ ਗ੍ਰੰਥ ਅਨੁਸਾਰ ਇਸ ਨੂੰ 108 ਸ਼ਕਤੀਪੀਠਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਇਸ ਮੰਦਰ ਦਾ ਵਰਨਣ ਸ਼ਿਵ ਪੁਰਾਣ ਧਾਰਮਿਕ ਗ੍ਰੰਥ ਵਿੱਚ ਵੀ ਮਿਲਦਾ ਹੈ। ਦੱਸਿਆ ਜਾਂਦਾ ਹੈ ਕਿ ਮਾਤਾ ਮਨਸਾ ਦੇਵੀ ਦਾ ਮੰਦਰ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਬਣਵਾਇਆ ਸੀ। ਇਥੇ ਹਰ ਨਵਰਾਤਰ ਨੂੰ ਮੇਲਾ ਭਰਦਾ ਹੈ। ਨਵਰਾਤਮ ਮੇਲਾ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪੰਚਕੂਲਾ ਜ਼ਿਲ੍ਹੇ ਵਿੱਚ ਕੋਵਿਡ-19 ਦੇ ਬਚਾਅ ਲਈ ਮਾਤਾ ਮਨਸਾ ਦੇਵੀ ਮੇਲੇ ਵਿੱਚ 15 ਨਾਕੇ ਲਗਾਏ ਜਾਣਗੇ। 500 ਤੋਂ ਵੱਧ ਪੁਲੀਸ ਕਰਮਚਾਰੀਆਂ ਦੀ ਮੇਲੇ ਵਿੱਚ ਡਿਊਟੀ ਲਗਾਈ ਜਾਵੇਗੀ। ਡੀਸੀਪੀ ਮੋਹਿਤ ਹਾਂਡਾ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਸਹਾਇਤਾ ਕੇਂਦਰ ਵੀ ਬਣਾਇਆ ਗਿਆ ਹੈ।