ਹਰਜੀਤ ਸਿੰਘ
ਡੇਰਾਬੱਸੀ, 23 ਜਨਵਰੀ
ਭਾਜਪਾ ਵੱਲੋਂ ਹਲਕਾ ਡੇਰਾਬੱਸੀ ਤੋਂ ਬਿਲਡਰ ਸੰਜੀਵ ਖੰਨਾ ਨੂੰ ਟਿਕਟ ਦੇਣ ਦੇ ਵਿਰੋਧ ਵਜੋਂ ਅੱਜ ਵੱਡੀ ਗਿਣਤੀ ਪਾਰਟੀ ਅਹੁਦੇਦਾਰਾਂ ਨੇ ਸਮੂਹਿਕ ਤੌਰ ’ਤੇ ਆਪਣੇ ਅਸਤੀਫ਼ੇ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤੇ। ਇਸ ਸਬੰਧੀ ਇਥੇ ਹੋਈ ਮੀਟਿੰਗ ਦੌਰਾਨ ਡੇਰਾਬੱਸੀ ਅਤੇ ਲਾਲੜੂ ਦੇ ਸਮੂਹ ਮੰਡਲ ਦੇ ਅਹੁਦੇਦਾਰਾਂ ਤੋਂ ਇਲਾਵਾ ਜ਼ੀਰਕਪੁਰ ਦੇ ਵੱਡੀ ਗਿਣਤੀ ਅਹੁਦੇਦਾਰਾਂ ਸਣੇ ਜ਼ਿਲ੍ਹਾ ਅਤੇ ਸੂਬਾ ਪੱਧਰੀ ਆਗੂਆਂ ਨੇ ਅੱਜ ਅਸਤੀਫੇ ਦਿੱਤੇ। ਇਸ ਮੌਕੇ ਪਾਰਟੀ ਹਾਈ ਕਮਾਂਡ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਅਤੇ ਰਾਜੇਸ਼ ਬੱਗਾ ਨੇ ਵਿਰੋਧ ਕਰ ਰਹੇ ਸਮੂਹ ਅਹੁਦੇਦਾਰਾਂ ਕੋਲੋਂ ਮਸਲੇ ਹੱਲ ਕਰਨ ਲਈ 24 ਘੰਟੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਅਸਤੀਫ਼ੇ ਪ੍ਰਵਾਨ ਕਰ ਲੈਣਗੇ।
ਇਸ ਸਬੰਧੀ ਡੇਰਾਬੱਸੀ ਮੰਡਲ ਪ੍ਰਧਾਨ ਸ਼ਿਵ ਕੁਮਾਰ ਟੋਨੀ, ਲਾਲੜੂ ਮੰਡਲ ਦੇ ਪ੍ਰਧਾਨ ਰਾਜਪਾਲ ਰਾਣਾ, ਜ਼ਿਲ੍ਹਾ ਮੀਤ ਪ੍ਰਧਾਨ ਨਿਰਮਲ ਸਿੰਘ ਨਿੰਮਾ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਸ਼ਰਮਾ, ਮੰਡਲ ਮੀਤ ਪ੍ਰਧਾਨ ਕਮਲ ਗੁਪਤਾ, ਲਾਲੜੂ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਰਾਣਾ, ਆਈਟੀ ਸੈੱਲ ਦੇ ਸੂਬਾ ਮੀਤ ਪ੍ਰਧਾਨ ਬ੍ਰਿਜ੍ਰੇਸ਼ ਮੋਦਗਿੱਲ, ਕਿਸਾਨ ਮੋਰਚਾ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜੋਗਾ ਸਿੰਘ ਅਤੇ ਸਾਬਕਾ ਕੌਂਸਲਰ ਰਵਿੰਦਰ ਬੱਤਰਾ ਸਣੇ ਹੋਰਨਾਂ ਨੇ ਕਿਹਾ ਕਿ ਜੇਕਰ ਪਾਰਟੀ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਪਾਰਟੀ ਨੂੰ ਬੂਥ ’ਤੇ ਬੈਠਣ ਵਾਲੇ ਵਰਕਰ ਵੀ ਨਹੀਂ ਮਿਲਣਗੇ। ਇਸ ਮੌਕੇ ਡੇਰਾਬੱਸੀ ਮੰਡਲ ਪ੍ਰਧਾਨ ਸ੍ਰੀ ਟੋਨੀ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਸਮੂਹਿਕ ਤੌਰ ’ਤੇ ਆਪਣੇ ਅਸਤੀਫ਼ੇ ਭੇਜ ਦਿੱਤੇ ਹਨ। ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਸਬੰਧੀ 24 ਘੰਟੇ ਦੀ ਮੋਹਲਤ ਮੰਗੀ ਹੈ ਜਿਸ ਮਗਰੋਂ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਆਪਣਾ ਉਮੀਦਵਾਰ ਨਾ ਬਦਲਿਆ ਤਾਂ ਪਾਰਟੀ ਉਮੀਦਵਾਰ ਸੰਜੀਵ ਖੰਨਾ ਦਾ ਪੂਰੇ ਹਲਕੇ ਵਿੱਚ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ।
ਉੱਧਰ, ਪਾਰਟੀ ਦੇ ਉਮੀਦਵਾਰ ਸੰਜੀਵ ਖੰਨਾ ਨੇ ਇਸ ਬਾਰੇ ਕਿਹਾ ਕਿ ਦਾਅਵੇਦਾਰੀ ਕਰਨਾ ਹਰੇਕ ਆਗੂ ਦਾ ਫ਼ਰਜ਼ ਹੈ ਪਰ ਟਿਕਟ ਇਕ ਨੂੰ ਹੀ ਮਿਲਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ ਅਤੇ ਛੇਤੀ ਹੀ ਸਾਰੇ ਇਕਜੁੱਟ ਹੋ ਕੇ ਕੰਮ ਕਰਨਗੇ।