ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਜੁਲਾਈ
ਐੱਨਐੱਸਯੂਆਈ ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਵੱਲੋਂ ਦਰਸਾਇਆ ਗਿਆ ਮਾਰਗ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾਂ ਮਾਰਗ ਦਰਸ਼ਕ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਘੋਲ ਵਿੱਚ ਸ਼ਹੀਦ ਊਧਮ ਸਿੰਘ ਦੁਆਰਾ ਨਿਭਾਈ ਭੂਮਿਕਾ ਦੀ ਸਾਰਥਕਤਾ ਕੇਂਦਰ ਦੀ ਫਾਸ਼ੀਵਾਦੀ ਮਾਨਸਿਕਤਾ ਵਿਰੁੱਧ ਮੌਜੂਦਾ ਲੜਾਈ ਵਿੱਚ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ। ਐੱਨਐੱਸਯੂਆਈ ਪੰਜਾਬ ਵੱਲੋਂ ਕਰਵਾਏ ਗਏ ਪਹਿਲੇ ਆਨਲਾਈਨ ਯੂਥ ਪਾਰਲੀਮੈਂਟ ਮੌਕੇ ਸਕੂਲੀ ਬੱਚਿਆਂ ਨਾਲ ਗੱਲਬਾਤ ਦੌਰਾਨ ਨੀਰਜ ਕੁੰਦਨ ਨੇ ਭਾਰਤ ਦੀ ਆਜ਼ਾਦੀ ਲਈ ਸ਼ਹੀਦਾਂ ਵੱਲੋਂ ਕੀਤੇ ਗਏ ਸੰਘਰਸ਼ ਬਾਰੇ ਜਾਣਕਾਰੀ ਫੈਲਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਐੱਨਐੱਸਯੂਆਈ ਪੰਜਾਬ ਵੱਲੋਂ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਦੀ ਅਗਵਾਈ ਵਿੱਚ ਹੋਏ ਸਮਾਗਮ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਤੋਂ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਵੀਡੀਓ ਕਾਨਫਰੰਸਿਗ ਜ਼ਰੀਏ ਆਪਣੇ ਸੰਬੋਧਨ ’ਚ ਕਿਹਾ ਕਿ ਸਾਨੂੰ ਆਜ਼ਾਦੀ ਨੂੰ ਕਾਇਮ ਰੱਖਣ ਲਈ ਹਰ ਯਤਨ ਕਰਨਾ ਚਾਹੀਦਾ ਹੈ, ਜਿਸ ’ਤੇ ਅੱਜ ਕੁੱਝ ਤਾਕਤਾਂ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ। ਏਆਈਸੀਸੀ ਦੇ ਸਕੱਤਰ ਇੰਚਾਰਜ ਐੱਨਐੱਸਯੂਆਈ ਰੁਚੀ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਸੰਵਿਧਾਨ ਸਾਨੂੰ ਆਜ਼ਾਦੀ ਦਿੰਦਾ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਖਤਮ ਕਰਨ ਅਤੇ ਫਾਸ਼ੀਵਾਦੀ ਤਾਕਤਾਂ ਤੋਂ ਸਾਡੀ ਸੁਰੱਖਿਆ ਕਰਦਾ ਹੈ। ਐੱਨਐੱਸਯੂਆਈ ਸਕੂਲ ਦੇ ਆਗੂ ਮਨਬੀਰ ਸੰਧੂ, ਸੌਰਵ ਭੋਲਾ, ਅਰਸ਼ਦੀਪ ਸਿੰਘ, ਯੁਵਰਾਜ ਮਜੀਠੀਆ, ਹਰਸੁਖ ਸਿੰਘ, ਮਧੁਰ ਅਰੋੜਾ, ਧਰੁਵ ਵਰਮਾ ਨੇ ਸਮਾਗਮ ਨੂੰ ਸਫਲ ਬਣਾਇਆ।