ਸਰਬਜੀਤ ਸਿੰਘ ਭੱਟੀ
ਲਾਲੜੂ, 10 ਦਸੰਬਰ
ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਆਪਣੀ ਕਾਰਾਂ ਤੇ ਟਰੈਕਟਰਾ ਨੂੰ ਡੋਲੀ ਵਾਂਗ ਸਜਾ ਕੇ ਦਿੱਲੀ ਤੋਂ ਲਿਆਏ ਅਤੇ ਖੁਸ਼ੀ ਵਿੱਚ ਢੋਲ ਵਜਾਏ ਅਤੇ ਭੰਗੜੇ ਪਾਏ। ਕਿਸਾਨ ਆਗੂ ਜਸਵੰਤ ਸਿੰਘ ਕੁਰਲੀ, ਹਰਵਿੰਦਰ ਸਿੰਘ ਟੋਨੀ, ਪ੍ਰੇਮ ਸਿੰਘ ਰਾਣਾ, ਰਣਜੀਤ ਸਿੰਘ ਧਰਮਗੜ੍ਹ, ਆਦਿ ਨੇ ਕਿਹਾ ਕਿ ਇਹ ਸਮੂਹ ਪੰਜਾਬੀਆਂ ਦੇ ਏਕੇ ਦੀ ਜਿੱਤ ਹੈ, ਜਿਨ੍ਹਾਂ ਨੇ ਇਕ ਸਾਲ ਤੋਂ ਵੱਧ ਸਮਾਂ ਦਿੱਲੀ ਦੀ ਬਰੂਹਾਂ ’ਤੇ ਬੈਠ ਕੇ ਸੰਘਰਸ਼ ਕੀਤਾ। ਆਗੂਆਂ ਵੱਲੋਂ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਰਧਾਂਜਲੀ ਵੀ ਭੇਟ ਕੀਤੀ ਗਈ।
ਬਨੂੜ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਬਨੂੜ ਖੇਤਰ ਦੇ ਆਗੂਆਂ ਨੇ ਇਸ ਖੇਤਰ ਦੇ ਵਸਨੀਕਾਂ ਨੂੰ ਦਿੱਲੀ ਤੋਂ ਆ ਰਹੇ ਕਿਸਾਨ ਫ਼ਤਹਿ ਮਾਰਚ ਦਾ ਸਵਾਗਤ ਕਰਨ ਲਈ ਦੁਪਹਿਰ ਦੋ ਵਜੇ ਪੰਜਾਬ ਅਤੇ ਹਰਿਆਣਾ ਦੀ ਹੱਦ ਉੱਤੇ ਸ਼ੰਭੂ ਬਾਰਡਰ ਉੱਤੇ ਪਹੁੰਚਣ ਦਾ ਸੱਦਾ ਦਿੱਤਾ ਹੈ। ਸਵਾਗਤ ਲਈ ਪਿੰਡਾਂ ਵਿੱਚ ਤਿਆਰੀਆਂ ਜ਼ੋਰਾਂ ’ਤੇ ਹਨ। ਕਿਸਾਨ ਆਗੂਆਂ ਕਰਮ ਸਿੰਘ ਬਰੌਲੀ, ਕਿਰਪਾਲ ਸਿੰਘ ਸਿਆਊ ਨੇ ਦੱਸਿਆ ਕਿ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਪੈਰ ਧਰਦਿਆਂ ਹੀ ਇਨ੍ਹਾਂ ਯੋਧਿਆਂ ’ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ।