ਜਗਮੋਹਨ ਸਿੰਘ
ਰੂਪਨਗਰ , 21 ਅਕਤੂਬਰ
ਰੂਪਨਗਰ ਪ੍ਰਸ਼ਾਸਨ ਵੱਲੋਂ ਜਿਥੇ ਝੋਨੇ ਦੀ ਲਿਫਟਿੰਗ ਦੇ ਮਾਮਲੇ ਵਿਚ ਪੂਰੇ ਪੰਜਾਬ ’ਚੋਂ ਜ਼ਿਲ੍ਹੇ ਦੇ ਅੱਵਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਲਿਫਟਿੰਗ ਦੇ ਮਾਮਲੇ ਸਬੰਧੀ ਆੜ੍ਹਤੀਆਂ ਅਤੇ ਮਾਰਕਫੈੱਡ ਦੀ ਜ਼ਿਲ੍ਹਾ ਅਧਿਕਾਰੀ ਵਿਚਾਲੇ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ। ਦੋਵੇਂ ਪੱਖਾਂ ਵੱਲੋਂ ਇਕ ਦੂਜੇ ਵਿਰੁੱਧ ਸ਼ਿਕਾਇਤਬਾਜ਼ੀ ਨੇ ਜ਼ਿਲ੍ਹਾ ਪ੍ਰਸ਼ਾਸਨ ਲਈ ਸਿਰਦਰਦੀ ਖੜ੍ਹੀ ਕੀਤੀ ਹੋਈ ਹੈ। ਇਸ ਮਸਲੇ ਨੂੰ ਸੁਲਝਾਉਣ ਲਈ ਜਿੱਥੇ ਬੀਤੇ ਦਿਨ ਏਡੀਸੀ ਹਰਜੋਤ ਕੌਰ ਦੀ ਅਗਵਾਈ ਅਧੀਨ ਪੁੱਜੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ ਮਾਰਕਫੈੱਡ ਅਧਿਕਾਰੀ ਦੀ ਝਾੜ ਝੰਬ ਕਰਦਿਆਂ ਉਨ੍ਹਾਂ ਨੂੰ ਲਿਫਟਿੰਗ ਦਾ ਕੰਮ ਤੇਜ਼ ਕਰਾਉਣ ਦੇ ਆਦੇਸ਼ ਦਿੱਤੇ, ਉਥੇ ਹੀ ਮਾਰਕਫੈੱਡ ਅਧਿਕਾਰੀ ਵੱਲੋਂ ਆੜ੍ਹਤੀਆਂ ਦੀ ਕੀਤੀ ਓਵਰ ਬਿਲਿੰਗ ਦੀ ਸ਼ਿਕਾਇਤ ਦੀ ਜਾਂਚ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਨੇ ਅੱਜ ਮੰਡੀ ਵਿਚ ਪਹੁੰਚ ਕੇ ਅਧਿਕਾਰੀ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕੀਤੀ। ਜਾਂਚ ਟੀਮ ਦੇ ਮੁਖੀ ਪ੍ਰਵੇਜ ਸਿੰਘ ਡੀਐੱਫਐੱਸਓ ਨੰਗਲ ਨੇ ਦੱਸਿਆ ਕਿ ਜਾਂਚ ਦੌਰਾਨ ਸਭ ਕੁਝ ਸਹੀ ਪਾਇਆ ਗਿਆ ਹੈ। ਉਧਰ ਅੱਜ ਬਾਅਦ ਦੁਪਹਿਰ ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਰੂਪਨਗਰ ਦੇ ਨੁਮਾਇੰਦਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਸ਼ੈੱਲਰਾਂ ਨੂੰ ਕੱਟੇ ਜਾਣ ਵਾਲੇ ਆਰਓ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਗਈ। ਇਸ ਦੌਰਾਨ ਆੜ੍ਹਤੀਆਂ ਨੇ ਦੋਸ਼ ਲਗਾਇਆ ਕਿ ਮਾਰਕਫੈੱਡ ਦੀ ਅਧਿਕਾਰੀ ਜਾਣਬੁੱਝ ਕੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਇਸ ਅਧਿਕਾਰੀ ਦੀ ਤੁਰੰਤ ਬਦਲੀ ਦੀ ਮੰਗ ਕੀਤੀ। ਮਾਰਕਫੈੱਡ ਅਧਿਕਾਰੀ ਨਵਿਤਾ ਰਾਣੀ ਨੇ ਆੜ੍ਹਤੀਆਂ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਮਾਰਕਫੈੱਡ ਵੱਲੋਂ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।