ਕਰਮਜੀਤ ਸਿੰਘ ਚਿੱਲਾ
ਬਨੂੜ, 2 ਮਈ
ਪ੍ਰਸ਼ਾਸਨ ਵੱਲੋਂ ਸ਼ਨਿਚਰਵਾਰ-ਐਤਵਾਰ ਨੂੰ ਲਾਗੂ ਤਾਲਾਬੰਦੀ ਕਾਰਨ ਅੱਜ ਬਨੂੜ ਖੇਤਰ ਦੇ ਮਾਣਕਪੁਰ, ਖੇੜਾ, ਦੈੜੀ, ਸਨੇਟਾ, ਜਾਂਸਲਾ ਆਦਿ ਵਿੱਚ ਸਮੁੱਚੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ। ਡਾਕਟਰਾਂ, ਮੈਡੀਕਲ ਸਟੋਰਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਇੱਕਾ-ਦੁੱਕਾ ਦੁਕਾਨਾਂ ਖੁੱਲ੍ਹੀਆਂ ਰਹੀਆਂ। ਸੜਕਾਂ ਉੱਤੇ ਆਵਾਜਾਈ ਵੀ ਕਾਫ਼ੀ ਘੱਟ ਰਹੀ। ਪੁਲੀਸ ਵੱਲੋਂ ਵੱਖ-ਵੱਖ ਥਾਈਂ ਸਾਰਾ ਨਾਕੇਬੰਦੀ ਵੀ ਜਾਰੀ ਰਹੀ।
ਦੂਜੇ ਪਾਸੇ ਦੋ ਦਿਨਾਂ ਦੀ ਤਾਲਾਬੰਦੀ ਅਤੇ ਸ਼ਾਮ ਨੂੰ ਪੰਜ ਵਜੇ ਦੁਕਾਨਾਂ ਬੰਦ ਕਰਨ ਦੇ ਫੈਸਲੇ ਤੋਂ ਦੁਕਾਨਦਾਰ ਬੇਹੱਦ ਨਿਰਾਸ਼ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਸੀਜ਼ਨ ਕਾਰਨ ਸ਼ਾਮ ਸਮੇਂ ਹੀ ਗਾਹਕ ਘਰੋਂ ਨਿਕਲਦੇ ਹਨ ਤੇ ਉਸੇ ਸਮੇਂ ਦੁਕਾਨਾਂ ਬੰਦ ਕਰਨ ਦਾ ਸਮਾਂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਛੋਟੇ ਦੁਕਾਨਦਾਰ ਜੋ ਸ਼ਾਮ ਸਮੇਂ ਰੇਹੜੀਆਂ ਲਗਾ ਕੇ ਆਪਣੇ ਘਰਾਂ ਦਾ ਖਰਚਾ ਚਲਾਉਂਦੇ ਹਨ, ਉਨ੍ਹਾਂ ਦਾ ਰੁਜ਼ਗਾਰ ਬਿਲਕੁੱਲ ਹੀ ਠੱਪ ਹੋ ਗਿਆ ਹੈ। ਦੁਕਾਨਦਾਰਾਂ ਨੇ ਆਖਿਆ ਕਿ ਉਹ ਪਹਿਲਾਂ ਹੀ ਆਰਥਿਕ ਤੌਰ ’ਤੇ ਟੁੱਟੇ ਹੋਏ ਹਨ ਅਤੇ ਹੁਣ ਤਾਜ਼ਾ ਫੈਸਲਿਆਂ ਨਾਲ ਉਨ੍ਹਾਂ ਨੂੰ ਘਰਾਂ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋ ਜਾਵੇਗਾ। ਦੁਕਾਨਦਾਰਾਂ ਨੇ ਦੁਕਾਨਾਂ ਦਾ ਸਮਾਂ ਰਾਤ ਅੱਠ ਵਜੇ ਤੱਕ ਕਰਨ ਤੇ ਹਫ਼ਤਾਵਾਰੀ ਬੰਦ ਵਾਪਸ ਲੈਣ ਦੀ ਮੰਗ ਕਰਦਿਆਂਂ ਅਜਿਹਾ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ।
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਹਫ਼ਤਾਵਾਰੀ ਤਾਲਾਬੰਦੀ ਦੌਰਾਨ ਅੱਜ ਦੂਜੇ ਦਿਨ ਵੀ ਸਰਹਿੰਦ, ਫ਼ਤਹਿਗੜ੍ਹ ਸਾਹਿਬ ਅਤੇ ਬਸੀ ਪਠਾਣਾਂ ਸ਼ਹਿਰ ਦੇ ਬਾਜ਼ਾਰ ਅਤੇ ਸੜਕਾਂ ਸੁੰਨਸਾਨ ਰਹੀਆਂ ਜਦਕਿ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਇਸੇ ਦੌਰਾਨ ਬਸੀ ਪਠਾਣਾਂ ਦੇ ਐੱਸ.ਡੀ.ਐੱਮ. ਜਸਪ੍ਰੀਤ ਸਿੰਘ ਨੇ ਸਮਾਜ ਸੇਵੀ ਅਤੇ ਵਪਾਰਕ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸਨ, ਜਿਸ ਦੇ ਨਤੀਜੇ ਵੀ ਸਾਹਮਣੇ ਆਏ। ਉਧਰ ਕੁਝ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਕਰੋਨਾ ਕਾਰਨ ਲਾਈ ਤਾਲਾਬੰਦੀ ਕਰਕੇ ਵਪਾਰ ਪੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ।
ਦੁਕਾਨਦਾਰਾਂ ਵੱਲੋਂ ਤਾਲਾਬੰਦੀ ਦਾ ਸਮਾਂ ਵਧਾਉਣ ਦੀ ਮੰਗ
ਮੁੱਲਾਂਪੁਰ ਗਰੀਬਦਾਸ (ਪੱਤਰ ਪੇ੍ਰਕ): ਕਰੋਨਾਵਾਇਰਸ ਦੀ ਬਿਮਾਰੀ ਤੋਂ ਲੋਕਾਂ ਨੂੰ ਬਚਣ ਬਚਾਉਣ ਲਈ ਸਰਕਾਰ ਦੇ ਹੁਕਮਾਂ ਤਹਿਤ ਨਿਊ ਚੰਡੀਗੜ੍ਹ ਇਲਾਕੇ ਵਿੱਚ ਤਾਲਾਬੰਦੀ ਕੀਤੀ ਗਈ ਹੈ। ਇਸੇ ਦੌਰਾਨ ਇਲਾਕੇ ਦੇ ਦੁਕਾਨਦਾਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸੋਮਵਾਰ ਤੋਂ ਸ਼ੁੱਕਰਵਾਰ ਵਾਲੇ ਦਿਨਾਂ ਵਿੱਚ ਸ਼ਾਮ ਵੇਲੇ ਲੌਕਡਾਊਨ ਦਾ ਸਮਾਂ 8 ਵਜੇ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਦੂਜੇ ਪਾਸੇ ਤਾਲਾਬੰਦੀ ਦੇ ਚੱਲਦਿਆਂ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਯੋਗੇਸ਼ ਕੁਮਾਰ ਅਤੇ ਥਾਣਾ ਨਵਾਂ ਗਾਉਂ ਦੇ ਐੱਸਐੱਚਓ ਕੈਲਾਸ਼ ਬਹਾਦਰ ਦੀ ਅਗਵਾਈ ਵਿੱਚ ਪੁਲੀਸ ਨੇ ਪਿੰਡਾਂ, ਕਲੋਨੀਆਂ ਵਿੱਚ ਰਾਤ ਸਮੇਂ ਕਰਫਿਊ ਲਾਇਆ ਗਿਆ।