ਕੁਲਦੀਪ ਸਿੰਘ
ਚੰਡੀਗੜ੍ਹ, 15 ਜੂਨ
ਯੂ.ਟੀ. ਚੰਡੀਗੜ੍ਹ ਦੇ ਆਊਟਸੋਰਸਡ ਵਰਕਰਾਂ ਦੀਆਂ ਤਨਖਾਹਾਂ ਵਿੱਚ ਡੀਸੀ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਨੇ ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਬੈਨਰ ਹੇਠ ਸੈਕਟਰ 16 ਸਥਿਤ ਮੈਂਟੀਨੈਂਸ ਬੂਥ ਵਿਖੇ ਪ੍ਰਦਰਸ਼ਨ ਮਗਰੋਂ ਡੀ.ਸੀ. ਦਫ਼ਤਰ ਵੱਲ ਪੈਦਲ ਰੋਸ ਮਾਰਚ ਕੀਤਾ। ਯੂਨੀਅਨ ਪ੍ਰਧਾਨ ਕਿਸ਼ੋਰੀ ਲਾਲ ਅਤੇ ਚੇਅਰਮੈਨ ਵਰਿੰਦਰ ਬਿਸ਼ਟ ਦੀ ਅਗਵਾਈ ਹੇਠ ਕੀਤੇ ਗਏ ਰੋਸ ਮਾਰਚ ਵਿੱਚ ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐਮ.ਸੀ. ਐਂਪਲਾਈਜ਼ ਤੇ ਵਰਕਰਜ਼ ਯੂ.ਟੀ. ਚੰਡੀਗੜ੍ਹ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਮੈਂਟੀਨੈਂਸ ਬੂਥ ਤੋਂ ਜਿਉਂ ਹੀ ਰੋਸ ਮਾਰਚ ਸ਼ੁਰੂ ਹੋਇਆ ਤਾਂ ਤੁਰੰਤ ਪੁਲੀਸ ਨੇ ਬੈਰੀਕੇਡਿੰਗ ਕਰਕੇ ਰੋਕ ਲਿਆ।
ਰੋਸ ਪ੍ਰਦਰਸ਼ਨ ਮੌਕੇ ਕੋਆਰਡੀਨੇਸ਼ਨ ਕਮੇਟੀ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ, ਯੂਨੀਅਨ ਪ੍ਰਧਾਨ ਕਿਸ਼ੋਰੀ ਲਾਲ ਅਤੇ ਚੇਅਰਮੈਨ ਵਰਿੰਦਰ ਬਿਸ਼ਟ ਨੇ ਕਿਹਾ ਕਿ 1 ਅਪਰੈਲ 2022 ਤੋਂ ਸੋਧੇ ਹੋਏ ਡੀ.ਸੀ. ਰੇਟਾਂ ਦੀ ਨੋਟੀਫਿਕੇਸ਼ਨ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਵਾਉਣ ਲਈ, ਆਊਟ ਸੋਰਸਡ ਵਰਕਰਾਂ ਵਾਸਤੇ ਸੁਰੱਖਿਅਤ ਪਾਲਿਸੀ ਬਣਵਾਉਣ ਲਈ, ਸਮਾਨ ਕੰਮ ਲਈ ਸਮਾਨ ਤਨਖਾਹ ਲਾਗੂ ਕਰਵਾਉਣ ਦੇ ਲਈ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਚੱਲ ਰਹੇ ਹਨ ਪਰ ਯੂ.ਟੀ. ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਗੱਲਬਾਤ ਕਰਕੇ ਹੱਲ ਨਹੀਂ ਕਰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹਿਣਗੇ ਅਤੇ 20 ਜੂਨ ਨੂੰ ਗਵਰਨਰ ਹਾਊਸ ਦੇ ਘਿਰਾਓ ਵਿੱਚ ਵੱਡੀ ਗਿਣਤੀ ਮੁਲਾਜ਼ਮਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਏਡੀਸੀ ਨੂੰ ਮੰਗ ਪੱਤਰ ਸੌਂਪਿਆ
ਪੈਦਲ ਰੋਸ ਮਾਰਚ ਨੂੰ ਰੋਕਣ ਉਪਰੰਤ ਪੁਲੀਸ ਵੱਲੋਂ ਯੂਨੀਅਨ ਦੇ ਵਫ਼ਦ ਦੀ ਮੁਲਾਕਾਤ ਏ.ਡੀ.ਸੀ. ਅਮਿਤ ਕੁਮਾਰ ਦਾਨਿਕਸ ਨਾਲ ਕਰਵਾਈ ਗਈ ਜਿਸ ਦੌਰਾਨ ਵਫ਼ਦ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਨੇ ਦੱਸਿਆ ਕਿ ਏ.ਡੀ.ਸੀ. ਵੱਲੋਂ ਭਰੋਸਾ ਮਿਲਿਆ ਹੈ ਕਿ ਡੀ.ਸੀ. ਰੇਟਾਂ ਵਿੱਚ ਰਹਿ ਰਹੀਆਂ ਤਰੁੱਟੀਆਂ ਬਾਰੇ ਵਿਚਾਰ ਕਰਨ ਲਈ ਜਲਦ ਹੀ ਮੀਟਿੰਗ ਬੁਲਾਈ ਜਾਵੇਗੀ। ਜੂਨੀਅਰ ਤਕਨੀਸ਼ੀਅਨਾਂ ਦੇ ਗਰੇਡਾਂ ਬਾਰੇ ਵੀ ਭਰੋਸਾ ਦਿੱਤਾ ਗਿਆ।