ਕੁਲਦੀਪ ਸਿੰਘ
ਚੰਡੀਗੜ੍ਹ, 1 ਅਪਰੈਲ
ਵਿਦਿਆਰਥੀ ਜਥੇਬੰਦੀ ਪੀਐੱਸਯੂ (ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਹੋਸਟਲ ਦੀ ਮੰਗ ਨੂੰ ਲੈ ਕੇ ਅੱਜ ਸ਼ਾਮ ਈਵਨਿੰਗ ਸਟੱਡੀਜ਼ ਵਿਭਾਗ ਦੇ ਵਿਦਿਆਰਥੀਆਂ ਨੂੰ ਲਾਮਬੰਦ ਕਰਦਿਆਂ ਡੀਐੱਸਡਬਲਿਊ ਦਫ਼ਤਰ ਵੱਲ ਪੈਦਲ ਰੋਸ ਮਾਰਚ ਕੀਤਾ ਗਿਆ ਜੋ ਕਿ ਆਰਟਸ ਬਲਾਕ ਨੰਬਰ 1 ਤੋਂ ਡੀਐੱਸਡਬਲਿਊ ਦਫ਼ਤਰ ਤੱਕ ਪਹੁੰਚਿਆ। ਸੁਰੱਖਿਆ ਗਾਰਡਾਂ ਵੱਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਮੰਗ ਠੁਕਰਾਏ ਜਾਣ ’ਤੇ ਵਿਦਿਆਰਥੀਆਂ ਨੇ ਡੀਐੱਸਡਬਲਿਊ ਦਫ਼ਤਰ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਐਲਾਨ ਕਰ ਦਿੱਤਾ ਕਿ ਕਿਸੇ ਵੀ ਅਧਿਕਾਰੀ ਨੂੰ ਦਫ਼ਤਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਕਰੀਬ ਅੱਧੇ ਘੰਟੇ ਬਾਅਦ ਏਡੀਐੱਸਡਬਲਿਊ ਮੌਕੇ ’ਤੇ ਪਹੁੰਚੇ ਅਤੇ ਮੰਗ ਪੱਤਰ ਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸੋਮਵਾਰ ਤੱਕ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਈਵਨਿੰਗ ਸਟੱਡੀਜ਼ ਵਿਭਾਗ ਕੋਲ ਅੰਡਰ ਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਕੋਰਸਾਂ ਵਿੱਚ ਲੜਕਿਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧ ਹੈ। ਇਨ੍ਹਾਂ ਵਿੱਚੋਂ ਸਿਰਫ 10 ਲੜਕੀਆਂ ਨੂੰ ਹੀ ਹੋਸਟਲ ਦੀਆਂ ਸੀਟਾਂ ਦਿੱਤੀਆਂ ਗਈਆਂ ਹਨ ਪ੍ਰੰਤੂ ਇਸ ਵਿਭਾਗ ਦੇ ਵਿਦਿਆਰਥੀਆਂ ਲਈ ਹੋਸਟਲ ਦੀ ਕੋਈ ਪਾਲਿਸੀ ਨਹੀਂ ਹੈ। ਈਵਨਿੰਗ ਸਟੱਡੀਜ਼ ਵਿਭਾਗ ਦੇ ਵਿਦਿਆਰਥੀਆਂ ਪ੍ਰਤੀ ਇਸ ਵਿਤਕਰੇ ਵਾਲੀ ਪਾਲਿਸੀ ਖਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਹਫ਼ਤਾ ਭਰ ਮੁਹਿੰਮ ਚਲਾ ਕੇ 500 ਤੋਂ ਵੱਧ ਵਿਦਿਆਰਥੀਆਂ ਦੇ ਦਸਤਖ਼ਤ ਇਕੱਤਰ ਕੀਤੇ ਗਏ। ਮੁਹਿੰਮ ਵਿੱਚ ਮੰਗ ਰੱਖੀ ਗਈ ਕਿ ਲੜਕੀਆਂ ਲਈ ਹੋਸਟਲਾਂ ਦੀ ਗਿਣਤੀ ਵਧਾਈ ਜਾਵੇ ਅਤੇ ਲੜਕਿਆਂ ਲਈ ਵੀ ਹੋਸਟਲ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇ।
ਪੀਐੱਸਯੂ (ਲਲਕਾਰ) ਦੇ ਕਨਵੀਨਰ ਅਮਨਦੀਪ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕੈਂਪਸ ਦੇ ਸਾਰੇ ਵਿਦਿਆਰਥੀਆਂ ਲਈ ਹੋਸਟਲ ਦੀ ਸਹੂਲਤ ਵਾਸਤੇ ਲੜ ਰਹੀ ਹੈ। ਈਵਨਿੰਗ ਸਟੱਡੀਜ਼ ਵਿਭਾਗ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਕੈਂਪਸ ਦੇ ਸਰੋਤਾਂ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਜਦਕਿ ਇਸ ਵਿਭਾਗ ਦੇ ਵਿਦਿਆਰਥੀਆਂ ਨੂੰ ਵੀ ਹੋਰਨਾਂ ਵਿਦਿਆਰਥੀਆਂ ਵਾਂਗ ਕੈਂਪਸ ਦੇ ਸਰੋਤਾਂ ਤੱਕ ਪਹੁੰਚ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀ.ਯੂ. ਅਥਾਰਿਟੀਜ਼ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਲਾਮਬੰਦ ਕਰ ਕੇ ਸੰਘਰਸ਼ ਨੂੰ ਤੇਜ਼ ਕਰਨਗੇ।