ਪੱਤਰ ਪ੍ਰੇਰਕ
ਚੰਡੀਗੜ੍ਹ, 7 ਸਤੰਬਰ
ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਮਿੱਡੂਖੇੜਾ ਉਰਫ਼ ਵਿੱਕੀ ਦੇ ਇੱਕ ਮਹੀਨਾ ਪਹਿਲਾਂ ਮੁਹਾਲੀ ਵਿੱਚ ਹੋਏ ਕਤਲ ਉਪਰੰਤ ਵੀ ਹਾਲੇ ਤੱਕ ਦੋਸ਼ੀਆਂ ਨੂੰ ਨਾ ਫੜੇ ਜਾਣ ਕਾਰਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਦੇਰ ਸ਼ਾਮ ‘ਮਿੱਡੂਖੇੜਾ ਯਾਦਗਾਰੀ ਮਾਰਚ’ ਕੱਢਿਆ ਗਿਆ। ਇਸ ਦੌਰਾਨ ਪੀਯੂ ਦੇ ਪ੍ਰਬੰਧਕੀ ਬਲਾਕ ਤੋਂ ਲੈ ਕੇ ਸਟੂਡੈਂਟਸ ਸੈਂਟਰ ਤੱਕ ਕੱਢੇ ਗਏ ਇਸ ਯਾਦਗਾਰੀ ਮਾਰਚ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ, ਐੱਮਐੱਲਏ ਮੁਕਤਸਰ ਰੋਜ਼ੀ ਬਰਕੰਦੀ, ਆਮ ਆਦਮੀ ਪਾਰਟੀ ਤੋਂ ਪਰਮਿੰਦਰ ਗੋਲਡੀ, ਐੱਸਓਆਈ ਦੇ ਪੀ.ਯੂ. ਇਕਾਈ ਪ੍ਰਧਾਨ ਅਰਪਿਤ ਮੱਕੜ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਪਹੁੰਚ ਕੇ ਮਿੱਡੂਖੇੜਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਦੋਸ਼ੀਆਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ।
ਇਸ ਮੌਕੇ ਉਨ੍ਹਾਂ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੀਡੀਆ ਰਾਹੀਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।