ਪੱਤਰ ਪ੍ਰੇਰਕ
ਮੋਰਿੰਡਾ, 12 ਜੂਨ
ਮੋਰਿੰਡਾ ਦੇ ਵਾਰਡ ਨੰਬਰ-14 ਅਤੇ 15 ਵਿੱਚ ਪੀਣ ਵਾਲਾ ਪਾਣੀ ਨਾ ਆਉਣ ਵਾਰਡ ਵਾਸੀਆਂ ਨੂੰ ਇਸ ਗਰਮੀ ਵਿੱਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਚਨ ਲਾਲ ਵਰਮਾ, ਮਨਜੀਤ ਸਿੰਘ ਟੋਨੀ, ਸੋਨੂੰ ਸੂਦ, ਕੁਲਵੀਰ ਸਿੰਘ ਕੁੱਕੀ, ਜਗਪਾਲ ਸਿੰਘ ਕੰਗ ਆਦਿ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਵਾਰਡ ਨੰਬਰ 15 ਅਤੇ 14 ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਆ ਰਹੀ। ਸੀਵਰੇਜ ਵਿਭਾਗ ਵੱਲੋਂ ਕੁਝ ਦਿਨ ਪਹਿਲਾਂ ਇੱਕ ਮੁਨਿਆਦੀ ਕਰਵਾਈ ਗਈ ਸੀ ਕਿ ਬੱਸ ਸਟੈਂਡ ਮੋਰਿੰਡਾ ਨਜ਼ਦੀਕ ਬਣੀ ਪਾਣੀ ਦੀ ਟੈਂਕੀ ਨੇੜੇ ਸੀਵਰ ਪੁੱਟਿਆ ਜਾਣਾ ਹੈ। ਜਿਸ ਕਾਰਨ ਪਾਣੀ ਦੀ ਸਪਲਾਈ ਦਾ ਫਲੋਅ ਘੱਟ ਆਵੇਗਾ। ਪ੍ਰੰਤੂ ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਆਈ। ਉਨ੍ਹਾਂ ਦੱਸਿਆ ਕਿ ਸੀਵਰ ਵਾਲਿਆਂ ਨੇ ਬੱਸ ਸਟੈਂਡ ਦੇ ਪਿੱਛੇ ਇੱਕ ਖੱਡਾ ਪੁੱਟ ਕੇ ਕੰਮ ਰੋਕ ਦਿੱਤਾ ਹੈ। ਪਾਣੀ ਦੀ ਮੁੱਖ ਸਪਲਾਈ ਨੂੰ ਕੱਟ ਕੇ ਵੱਖ ਕਰ ਦਿੱਤਾ ਗਿਆ। ਇਸੇ ਮਾਮਲੇ ਸਬੰਧੀ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੇਖਣ ਵਾਲੇ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੱਖ ਲਾਈਨ ਬੰਦ ਕੀਤੀ ਹੋਈ ਹੈ। ਇਸੇ ਮਾਮਲੇ ਸਬੰਧੀ ਜਦੋਂ ਸੀਵਰ ਵਿਭਾਗ ਦੇ ਉਪ ਮੰਡਲ ਅਫਸਰ ਤਰੁਣ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੀਆਂ ਪਾਈਪਾਂ ਪਾਉਣੀਆਂ ਹਨ, ਇਸ ਲਈ ਪਾਣੀ ਦੀ ਸਪਲਾਈ ਨੂੰ ਅਲੱਗ ਕਰ ਦਿੱਤਾ ਗਿਆ ਹੈ। ਪ੍ਰੰਤੂ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਦਾ ਫਲੋਅ ਘੱਟ ਕੀਤਾ ਹੈ ਨਾ ਕਿ ਬੰਦ ਕੀਤਾ ਗਿਆ ਹੈ। ਇਸ ਤਪਦੀ ਗਰਮੀ ਵਿੱਚ ਵਾਰਡ ਵਾਸੀ ਬਿਨਾਂ ਪਾਣੀ ਤੋਂ ਸਮੱਸਿਆਵਾਂ ਨਾਲ ਜੂਝ ਰਹੇ ਹਨ ,ਵਾਰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨਿਰਵਿਘਨ ਸ਼ੁਰੂ ਕੀਤੀ ਜਾਵੇ।