ਮੁਕੇਸ਼ ਕੁਮਾਰ
ਚੰਡੀਗੜ੍ਹ, 9 ਜਨਵਰੀ
ਇੱਥੋਂ ਦੀ ਨਵੀਂ ਚੁਣੀ ਗਈ ਮੇਅਰ ਸਰਬਜੀਤ ਕੌਰ ਨੂੰ ਕਈਂ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਭਾਜਪਾ ਨਾਲ ਸਬੰਧਤ ਚੰਡੀਗੜ੍ਹ ਦੀ ਨਵੀਂ ਮੇਅਰ ਨੂੰ ਰਾਜਨੀਤੀ ਵਿੱਚ ਘੱਟ ਤਜਰਬਾ ਹੈ। ਇਸ ’ਤੇ ਉਨ੍ਹਾਂ ਨੂੰ ਨਗਰ ਨਿਗਮ ਵਿੱਚ ਵਿੱਤੀ ਸੰਕਟ ਹੋਣ ਅਤੇ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਕਈ ਚੁਣੌਤੀਆਂ ਦਰਪੇਸ਼ ਹਨ। ਹਾਲਾਂਕਿ ਮੇਅਰ ਬਣਨ ਤੋਂ ਬਾਅਦ ਸਰਬਜੀਤ ਕੌਰ ਦੇ ਹੌਸਲੇ ਪੂਰੇ ਬੁਲੰਦ ਹਨ ਅਤੇ 42 ਸਾਲ ਦੀ ਸਰਬਜੀਤ ਕੌਰ ਨੇ ਮੇਅਰ ਬਣਨ ਤੋਂ ਬਾਅਦ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਰਾਜਨੀਤੀ ਵਿੱਚ ਨਵੇਂ ਹਨ, ਲੇਕਿਨ ਉਨ੍ਹਾਂ ਦੇ ਪਤੀ ਪਹਿਲਾਂ ਤੋਂ ਹੀ ਚੰਡੀਗੜ੍ਹ ਦੀ ਰਾਜਨੀਤੀ ਵਿੱਚ ਸਰਗਰਮ ਹਨ। ਇਸ ਦੇ ਨਾਲ ਹੀ ਪਾਰਟੀ ਦੇ ਸੀਨੀਅਰ ਨੇਤਾਵਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਮੇਂ ਸਮੇਂ ਰਾਏ ਲੈ ਕੇ ਨਗਰ ਨਿਗਮ ਨੂੰ ਮਜ਼ਬੂਤੀ ਨਾਲ ਚਲਾਇਆ ਜਾਵੇਗਾ।
ਸਰਬਜੀਤ ਕੌਰ ਨੇ ਦਾਅਵਾ ਕੀਤਾ ਕਿ ਇਸ ਸਮੇਂ ਚੰਡੀਗੜ੍ਹ ਸ਼ਹਿਰ, ਜੋ ਸਫਾਈ ਦੇ ਮਾਮਲੇ ਵਿੱਚ ਕਾਫੀ ਪਛੜ ਗਿਆ ਹੈ, ਦੀ ਰੈਂਕਿੰਗ ਸੁਧਾਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾਣਗੇ ਅਤੇ ਮੁੜ ਤੋਂ ਚੰਡੀਗੜ੍ਹ ਨੂੰ ਪਹਿਲੇ ਨੰਬਰ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਹੀ ਨਹੀਂ ਸਗੋਂ ਚੰਡੀਗੜ੍ਹ ਦੇ ਪਿੰਡ ਅਤੇ ਕਾਲੋਨੀਆਂ ਵੀ ਸਾਫ਼ ਸੁਥਰੀਆਂ ਦਿਖਣਗੀਆਂ। ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸ਼ਹਿਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਦੇ ਪ੍ਰਾਜੈਕਟ ਨੂੰ ਵੀ ਛੇਤੀ ਤੋਂ ਛੇਤੀ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਪੂਰੇ ਸ਼ਹਿਰ ਲਈ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਮੇਅਰ ਕਾਰਜਕਾਲ ਵਿੱਚ ਹੀ ਡੰਪਿੰਗ ਗਰਾਊਂਡ ਦੀ ਸਮੱਸਿਆ ਦਾ ਹੱਲ ਕਰਵਾ ਕੇ ਹੀ ਉਹ ਆਪਣੇ ਆਪ ਨੂੰ ਇੱਕ ਸਫਲ ਮੇਅਰ ਮੰਨਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਮਾਰਟ ਪਾਰਕਿੰਗ ਦੀ ਵਿਵਸਥਾ ਨੂੰ ਲਾਗੂ ਕੀਤਾ ਜਾਵੇਗਾ। ਪਾਣੀ ਦੇ ਬਿੱਲਾਂ ਦੇ ਵਧਾਏ ਗਏ ਰੇਟਾਂ ਦੇ ਮਾਮਲਾ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਇਕ ਮਸਲਾ ਪਾਰਟੀ ਹਾਈਕਮਾਨ ਕੋਲ ਉਠਾਏਗੀ। ਉਨ੍ਹਾਂ ਕਿਹਾ ਕਿ ਪਾਣੀ ਦੇ ਬਿੱਲਾਂ ਦੇ ਰੇਟਾਂ ਨੂੰ ਲੈ ਕੇ ਉਹ ਚੰਡੀਗੜ੍ਹ ਪ੍ਰਸ਼ਾਸਕ ਨਾਲ ਵੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਕੋਸ਼ਿਸ਼ ਨਾਲ ਹੀ ਕਰੋਨਾ ਕਾਲ ਵਿੱਚ ਪਹਿਲਾਂ ਵੀ ਪਾਣੀ ਦੇ ਵਧੇ ਹੋਏ ਰੇਟਾਂ ’ਤੇ ਰੋਕ ਲਗਾਈ ਗਈ ਸੀ ਅਤੇ ਅੱਗੇ ਵੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਰੇਟ ਨਾ ਵਧਣ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਵਿੱਚ ਉਹ ਕੋਈ ਨਵਾਂ ਟੈਕਸ ਨਹੀਂ ਲਗਾਉਣਗੇ। ਕਮਾਈ ਦੇ ਸਾਧਨ ਵਧਾਉਣ ਲਈ ਹੋਰ ਮੌਕੇ ਤਲਾਸ਼ੇ ਜਾਣਗੇ। ਕਰੋਨਾ ਕਾਲ ਵਿੱਚ ਕੋਈ ਰਾਹਤ ਦੇਣ ਲਈ ਉਹ ਛੇਤੀ ਹੀ ਨਿਗਮ ਅਧਿਕਾਰੀਆਂ ਨਾਲ ਬੈਠਕ ਕਰਨਗੇ। ਸ਼ਹਿਰ ਵਿੱਚ ਪਿੰਡ ਦੇ ਵਿਕਾਸ ਨੂੰ ਲੈਕੇ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਉਹ ਆਪ ਖੁਦ ਪਿੰਡ ਤੋਂ ਹੀ ਹੈ ਅਤੇ ਉਹ ਇਸ ਸਮੇਂ ਪੇਂਡੂ ਇਲਾਕੇ ਵਿੱਚ ਹੀ ਰਹਿੰਦੀ ਹੈ। ਅਜਿਹੇ ਹਾਲਾਤ ਵਿੱਚ ਉਹ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਸਿੱਧੇ ਤੌਰ ’ਤੇ ਕਿਹਾ ਕਿ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।