ਜ਼ੀਰਕਪੁਰ/ਡੇਰਾਬੱਸੀ (ਹਰਜੀਤ ਸਿੰਘ): ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਦੇ ਨਤੀਜੇ ਵਿੱਚ ਜ਼ਿਲ੍ਹਾ ਮੁਹਾਲੀ ’ਚੋਂ ਸਬ ਡਿਵੀਜ਼ਨ ਡੇਰਾਬੱਸੀ ਦੀਆਂ ਦੋ ਵਿਦਿਆਰਥਣਾਂ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ ਹਨ। ਜ਼ੀਰਕਪੁਰ ਦੇ ਪਿੰਡ ਦਿਆਲਪੁਰਾ ਦੀ ਮਨਪ੍ਰੀਤ ਨੇ ਜ਼ਿਲ੍ਹੇ ਵਿੱਚ ਦੂਜਾ ਅਤੇ ਮੈਰਿਟ ਲਿਸਟ ਵਿੱਚ 11ਵਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਡੇਰਾਬੱਸੀ ਮੁਬਾਰਿਕਪੁਰ ਦੀ ਵਿਦਿਆਰਥਣ ਤਾਨੀਆ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਐਲਾਨੇ ਗਏ ਨਤੀਜੇ ਵਿੱਚ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਪਹਿਲੇ ਸਥਾਨ ’ਤੇ ਰਹਿਣ ਵਾਲੇ ਅਵੀਰਾਜ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਮਨਪ੍ਰੀਤ ਦੇ ਨੰਬਰ ਬਰਾਬਰ ਆਏ ਹਨ। ਪਰ ਸਿੱਖਿਆ ਵਿਭਾਗ ਦੀ ਨੀਤੀ ਤਹਿਤ ਘੱਟ ਉਮਰ ਦੇ ਬੱਚੇ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਵਿਦਿਆਰਥਣ ਮਨਪ੍ਰੀਤ ਨੇ 97.38 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਮਨਪ੍ਰੀਤ ਦੇ ਪਿਤਾ ਪਲੰਬਰ ਹਨ ਅਤੇ ਮਾਂ ਆਸ਼ਾ ਵਰਕਰ ਹੈ। ਪਰਿਵਾਰ ਵਿੱਚ ਵਿੱਤੀ ਤੰਗੀ ਦੇ ਚਲਦਿਆਂ ਮਨਪ੍ਰੀਤ ਨੇ ਜ਼ਿਲ੍ਹੇ ਵਿੱਚ ਦੂਜਾ ਸਥਾਨ ਰੋਜ਼ਾਨਾ 10 ਤੋਂ 12 ਘੰਟੇ ਪੜ੍ਹਾਈ ਕਰ ਬਿਨਾਂ ਕਿਸੇ ਟਿਊਸ਼ਨ ਲਏ ਹਾਸਲ ਕੀਤੇ ਹਨ। ਮਨਪ੍ਰੀਤ ਨੇ ਦੱਸਿਆ ਕਿ ਇਸ ਮੁਕਾਮ ਲਈ ਸਕੂਲ ਦੇ ਅਧਿਆਪਕਾਂ ਦਾ ਵੱਡਾ ਰੋਲ ਹੈ ਜਿਨ੍ਹਾਂ ਨੇ ਪ੍ਰੀਖਿਆਵਾਂ ਦੌਰਾਨ ਛੁੱਟੀ ਵਾਲੇ ਦਿਨਾਂ ਵਿੱਚ ਸਕੂਲ ਖੋਲ੍ਹ ਦੇ ਪੜ੍ਹਾਈ ਕਰਵਾਈ। ਤੀਜਾ ਸਥਾਨ ਹਾਸਲ ਕਰਨ ਵਾਲੀ ਮੁਬਾਰਿਕਪੁਰ ਦੀ ਤਾਨਿਆ ਦੇ ਪਿਤਾ ਇੱਟਾਂ ਦੇ ਭੱਠੇ ’ਤੇ ਮਜ਼ਦੂਰੀ ਕਰਦੇ ਹਨ। ਤਾਨਿਆ ਦੇ ਪਰਿਵਾਰ ਵਿੱਚ ਉਹ ਚਾਰ ਭੈਣਾਂ ਅਤੇ ਇਕ ਭਰਾ ਹੈ। ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੀ ਤਾਨਿਆ ਦੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ।